Buland kesari/ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਪੀਲੀਏ ਅਤੇ ਭਿਆਨਕ ਬੈਕਟੀਰੀਆ ਦਾ ਕਹਿਰ ਲਗਾਤਾਰ ਜਾਰੀ ਹੈ। ਪਿੰਡ ਵਿੱਚ ਬਿਮਾਰੀ ਕਾਰਨ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਹੁਣ ਇੱਕ 19 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਦੀ ਜਾਨ ਪੀਲੀਏ ਕਾਰਨ ਗਈ ਹੈ। ਜ਼ਿਕਰਯੋਗ ਹੈ ਕਿ ਇਸੇ ਪਿੰਡ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ 22 ਫਰਵਰੀ ਨੂੰ ਇੱਕ 12 ਸਾਲਾ ਬੱਚੀ ਦੀ ਵੀ ਮੌਤ ਹੋ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਹੋ ਰਹੀਆਂ ਮੌਤਾਂ ਕਾਰਨ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਡੇਰੇ ਤੋਂ ਪਰਤਦਿਆਂ ਰਸਤੇ ਵਿੱਚ ਹੋਇਆ ਬੇਸੁੱਧ
ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਦੇ ਭਰਾ ਨੇ ਦੱਸਿਆ ਕਿ 12ਵੀਂ ਪਾਸ ਅਰਸ਼ਦੀਪ ਪਿਛਲੇ ਵੀਰਵਾਰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਡੇਰਾ ਬਿਆਸ ਵਿਖੇ ਭੰਡਾਰੇ ‘ਤੇ ਗਿਆ ਸੀ। ਉੱਥੇ ਹੀ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਹ ਦੋ-ਤਿੰਨ ਦਿਨ ਬਿਸਤਰ ‘ਤੇ ਹੀ ਲੇਟਿਆ ਰਿਹਾ। ਉਸ ਨੂੰ ਲਗਾਤਾਰ ਉਲਟੀਆਂ ਲੱਗ ਰਹੀਆਂ ਸਨ। ਸੋਮਵਾਰ ਨੂੰ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਮਖੂ ਦੇ ਕੋਲ ਰਸਤੇ ਵਿੱਚ ਹੀ ਉਹ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਲੈ ਕੇ ਗਏ, ਪਰ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਹਸਪਤਾਲਾਂ ਦੇ ਚੱਕਰਾਂ ਮਗਰੋਂ PGI ਵਿੱਚ ਤੋੜਿਆ ਦਮ
ਫਰੀਦਕੋਟ ਵਿਖੇ ਇੱਕ ਦਿਨ ਅਤੇ ਰਾਤ ਇਲਾਜ ਚੱਲਣ ਦੇ ਬਾਵਜੂਦ ਅਰਸ਼ਦੀਪ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਉਸ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ ਅਤੇ ਫਿਰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. (PGI) ਚੰਡੀਗੜ੍ਹ ਭੇਜਿਆ ਗਿਆ। ਪੀ.ਜੀ.ਆਈ. ਪਹੁੰਚਣ ‘ਤੇ ਜਦੋਂ ਡਾਕਟਰਾਂ ਦੀ ਟੀਮ ਨੇ ਉਸ ਦਾ ਮੁਆਇਨਾ ਕੀਤਾ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਨੌਜਵਾਨ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਸਿਹਤ ਵਿਭਾਗ ਦੀ ਕਾਰਵਾਈ
ਇਸ ਸਬੰਧੀ ਮਮਦੋਟ ਸਰਕਾਰੀ ਹਸਪਤਾਲ ਦੀ ਡਾਕਟਰ ਰੇਖਾ ਭੱਟੀ ਨੇ ਦੱਸਿਆ ਕਿ ਪਿੰਡ ਦੀ ਆਬਾਦੀ ਲਗਭਗ 3500 ਹੈ, ਜਿਸ ਵਿੱਚੋਂ 1900 ਲੋਕਾਂ ਦੇ ਸੈਂਪਲ ਲਏ ਗਏ ਸਨ। ਹੁਣ ਤੱਕ ਪੀਲੀਏ ਦੇ 35 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 11 ਮਰੀਜ਼ ਅਜੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਡਾਕਟਰ ਭੱਟੀ ਨੇ ਕਿਹਾ ਕਿ ਪਿੰਡ ਵਿੱਚ ਲੈਪਰੋਸਪਾਇਰਿਸ (Leptospirosis) ਬੈਕਟੀਰੀਆ ਦੀ ਲਪੇਟ ਵਿੱਚ ਆਉਣ ਕਾਰਨ ਪੀਲੀਆ ਫੈਲ ਰਿਹਾ ਹੈ।
ਉਹਨਾਂ ਕਿਹਾ ਕਿ ਜਦੋਂ ਤੱਕ ਨੌਜਵਾਨ ਦੀਆਂ ਰਿਪੋਰਟਾਂ ਅਤੇ ਮੈਡੀਕਲ ਰਿਕਾਰਡ ਦੀ ਪੂਰੀ ਪੜਤਾਲ ਨਹੀਂ ਹੁੰਦੀ, ਉਦੋਂ ਤੱਕ ਅਧਿਕਾਰਤ ਤੌਰ ‘ਤੇ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਵਿਭਾਗ ਵੱਲੋਂ ਨੌਜਵਾਨ ਦਾ ਪੁਰਾਣਾ ਰਿਕਾਰਡ ਮੰਗਵਾਇਆ ਜਾ ਰਿਹਾ ਹੈ।
ਲੋਕਾਂ ਦੀ ਅਣਗਹਿਲੀ ਵੀ ਵੱਡਾ ਕਾਰਨ?
ਡਾਕਟਰਾਂ ਅਨੁਸਾਰ ਪਿੰਡ ਵਿੱਚ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ, ਪਰ ਲੋਕਾਂ ਦੀ ਅਣਗਹਿਲੀ ਵੀ ਸਾਹਮਣੇ ਆ ਰਹੀ ਹੈ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ, ਲੋਕਾਂ ਨੂੰ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਪਾਣੀ ਵਿੱਚ ਪਾਉਣ ਵਾਲੀਆਂ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਕਈ ਲੋਕ ਨਹੀਂ ਕਰ ਰਹੇ। ਬਾਹਰਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇੱਕ ਮਹੀਨਾ ਪਹਿਲਾਂ ਹੋਈ ਬੱਚੀ ਦੀ ਮੌਤ ਤੋਂ ਬਾਅਦ ਜੇਕਰ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹੁੰਦੇ ਤਾਂ ਅੱਜ ਇਸ ਨੌਜਵਾਨ ਦੀ ਜਾਨ ਬਚ ਸਕਦੀ ਸੀ। ਫਿਲਹਾਲ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਵਿੱਚ ਸਰਗਰਮ ਹਨ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








