ਬਰਨਾਲਾ ਦੇ ਰਾਮਬਾਗ ਰੋਡ ‘ਤੇ ਇੱਕ ਖਾਲੀ ਪਲਾਟ ਵਿੱਚੋਂ 22 ਸਾਲਾ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਸੋਮੀ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ ਵਜੋਂ ਹੋਈ ਹੈ।
ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਸੁਰਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਚਿਹਰੇ, ਬਾਹਾਂ ਅਤੇ ਸਰੀਰ ‘ਤੇ ਗੰਭੀਰ ਜ਼ਖ਼ਮਾਂ ਦੇ ਨਿਸ਼ਾਨ ਪਾਏ ਗਏ ਹਨ।
ਰੋਦੇ ਹੋਏ ਪਿਤਾ ਸੋਮੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਤਿੰਨ ਦਿਨਾਂ ਤੋਂ ਘਰੋਂ ਗੁੰਮ ਸੀ ਅਤੇ ਬਰਨਾਲਾ ਪੁਲਿਸ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ। ਅੱਜ ਪਤਾ ਲੱਗਿਆ ਕਿ ਉਸਦੀ ਲਾਸ਼ ਖਾਲੀ ਪਲਾਟ ਵਿੱਚ ਪਈ ਹੈ।
ਸੁਰਿੰਦਰ ਸਿੰਘ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਪਣੇ ਦਾਦੀ ਦੇ ਭੋਗ ਲਈ ਬਰਨਾਲਾ ਵਾਪਸ ਆਇਆ ਸੀ। ਪਰਿਵਾਰ ਨੇ ਦੱਸਿਆ ਕਿ ਉਸਨੂੰ ਕੁਝ ਨੌਜਵਾਨ ਘਰੋਂ ਬੁਲਾ ਕੇ ਲੈ ਗਏ ਸਨ, ਜਿਸ ਤੋਂ ਬਾਅਦ ਉਹ ਮੁੜ ਵਾਪਸ ਨਹੀਂ ਆਇਆ। ਉਸਦਾ ਮੋਬਾਇਲ ਫੋਨ ਵੀ ਘਰ ਵਿੱਚ ਹੀ ਮਿਲਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਰਿੰਦਰ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕਰਦਾ ਸੀ ਅਤੇ ਉਹ ਮਿਹਨਤੀ ਨੌਜਵਾਨ ਸੀ। ਤਿੰਨ ਭੈਣਾਂ ਦਾ ਇਕਲੌਤਾ ਭਰਾ ਹੋਣ ਕਰਕੇ ਘਰ ਵਿੱਚ ਮਾਤਮ ਦਾ ਮਾਹੌਲ ਹੈ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਤਲ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਇਨਸਾਫ਼ ਦਿੱਤਾ ਜਾਵੇ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ ਤੇ ਪੋਸਟਮਾਰਟਮ ਨਹੀਂ ਹੋਣ ਦੇਣਗੇ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਬਰਨਾਲਾ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰੱਖਵਾਇਆ ਗਿਆ। ਪੁਲਿਸ ਅਧਿਕਾਰੀ ਸਤਨਾਮ ਸਿੰਘ ਅਨੁਸਾਰ, ਪਰਿਵਾਰਕ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਦੂਜੇ ਪਾਸੇ, ਇਹ ਵੀ ਸਾਹਮਣੇ ਆਇਆ ਹੈ ਕਿ ਐਂਬੂਲੈਂਸ ਨੂੰ ਵਾਰ-ਵਾਰ ਕਾਲ ਕਰਨ ਬਾਵਜੂਦ ਸਮੇਂ ‘ਤੇ ਨਹੀਂ ਪਹੁੰਚੀ, ਜਿਸ ਕਾਰਨ ਮਜਬੂਰ ਪਰਿਵਾਰ ਨੂੰ ਪੁਲਿਸ ਦੀ ਗੱਡੀ ਵਿੱਚ ਲਾਸ਼ ਹਸਪਤਾਲ ਲੈ ਜਾਣੀ ਪਈ।
ਲਾਸ਼ ਦੇ ਨੇੜੇ ਇੱਕ ਐਨਰਜੀ ਡਰਿੰਕ ਦੀ ਬੋਤਲ ਤੇ ਮਾਚਿਸ ਦਾ ਡੱਬਾ ਵੀ ਮਿਲਿਆ ਹੈ।
ਇਸ ਦਰਮਿਆਨ, ਬਰਨਾਲਾ ਵਿੱਚ ਵਧ ਰਹੀਆਂ ਕਤਲ ਵਰਗੀਆਂ ਘਟਨਾਵਾਂ ਨੇ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








