Buland kesari ;- ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੇਸ ਵੇਅ ‘ਤੇ ਟੋਲ ਨਾਲ ਜੁੜੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਨਵੀਂ ਟੋਲ ਨੀਤੀ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਲੋਕਾਂ ਨੂੰ ਟੋਲ ਫੀਸ ਵਿਚ ਔਸਤਨ 50 ਫੀਸਦੀ ਤੱਕ ਦੀ ਛੋਟ ਮਿਲੇਗੀ। ਨਾਲ ਹੀ 3000 ਰੁਪਏ ਦੀ ਇਕਮੁਸ਼ਤ ਰਕਮ ਚੁਕਾ ਕੇ ਸਾਲਾਨਾ ਪਾਸ ਵੀ ਹਾਸਲ ਕੀਤਾ ਜਾ ਸਕੇਗਾ। ਇਹ ਪਾਸ ਨਾ ਸਿਰਫ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸ ਸਗੋਂ ਸੂਬੇ ਵੱਲੋਂ ਚਲਾਏ ਜਾ ਰਹੇ ਐਕਸਪ੍ਰੈਸਵੇਅ ‘ਤੇ ਵੀ ਵੈਧ ਹੋਵੇਗਾ।
ਇਸ ਦੇ ਨਾਲ ਕਿਸੇ ਹੋਰ ਵੱਖਰੇ ਪਾਸ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਫੀਸ ਦਾ ਭੁਗਤਾਨ ਸਿੱਧੇ ਫਾਸਟੈਗ ਅਕਾਊਂਟ ਰਾਹੀਂ ਕੀਤਾ ਜਾ ਸਕੇਗਾ। ਨਵੀਂ ਟੋਲ ਨੀਤੀ ਲਗਭਗ ਅੰਤਿਮ ਪੜਾਅ ਵਿਚ ਹੈ ਤੇ ਜਲਦ ਹੀ ਇਸ ਦਾ ਅਧਿਕਾਰਕ ਐਲਾਨ ਕੀਤਾ ਜਾ ਸਕਦਾ ਹੈ। ਇਸ ਨੀਤੀ ਵਿਚ ਨਿਰਧਾਰਤ ਸਮਾਂ ਸੀਮਾ ਅੰਦਰ ਟੋਲ ਗੇਟਾਂ ਨੂੰ ਹਟਾਉਣ ਦਾ ਟੀਚਾ ਵੀ ਸ਼ਾਮਲ ਹੈ।
ਸੂਤਰਾਂ ਮੁਤਾਬਕ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਰਿਆਇਤੀਦਾਰਾਂ ਅਤੇ ਠੇਕੇਦਾਰਾਂ ਦੇ ਮੌਜੂਦਾ ਇਕਰਾਰਨਾਮੇ ਸਨ, ਜਿਨ੍ਹਾਂ ਵਿੱਚ ਅਜਿਹੀ ਕਿਸੇ ਸਹੂਲਤ ਦਾ ਜ਼ਿਕਰ ਨਹੀਂ ਸੀ। ਸੂਤਰਾਂ ਅਨੁਸਾਰ, ਉਨ੍ਹਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਲਈ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੁਆਵਜ਼ੇ ਦੇਣ ‘ਤੇ ਸਹਿਮਤੀ ਦਿੱਤੀ ਹੈ। ਇਸਦਾ ਮਤਲਬ ਹੈ ਕਿ ਰਿਆਇਤੀ ਧਾਰਕ ਆਪਣੇ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵਾਹਨਾਂ ਦਾ ਡਿਜੀਟਲ ਡੇਟਾ ਇਕੱਠਾ ਕਰਨਗੇ ਅਤੇ ਸਰਕਾਰ ਇੱਕ ਨਿਰਧਾਰਤ ਫਾਰਮੂਲੇ ਦੇ ਅਨੁਸਾਰ, ਉਨ੍ਹਾਂ ਦੇ ਦਾਅਵਿਆਂ ਅਤੇ ਅਸਲ ਵਸੂਲੀ ਵਿੱਚ ਅੰਤਰ ਦੀ ਭਰਪਾਈ ਕਰੇਗੀ।
ਨਵੀਂ ਟੋਲ ਨੀਤੀ ਟੋਲ ਪਲਾਜਾ ਦੀਆਂ ਵਿਵਸਥਾਵਾਂ ਦੀ ਬਜਾਏ ਪ੍ਰਤੀ ਕਿਲੋਮੀਟਰ ਨਿਰਧਾਰਤ ਫੀਸ ‘ਤੇ ਆਧਾਰਿਤ ਹੋਵੇਗੀ। ਉਦਾਹਰਣ ਜੋਂ 100 ਕਿਲੋਮੀਟਰ ਦੀ ਯਾਤਰਾ ਕਰਨ ਵਾਲੀ ਕਾਰ ਨੂੰ 50ਰੁਪਏ ਦਾ ਟੋਲ ਟੈਕਸ ਦੇਣਾ ਹੋਵੇਗਾ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਮਾਸਿਕ ਪਾਸ ਜਾਰੀ ਕੀਤੇ ਜਾਂਦੇ ਹਨ ਜੋ ਸਥਾਨਕ ਨਾਗਰਿਕਾਂ ਨੂੰ ਇਕ ਟੋਲ ਪਲਾਜ਼ਾ ਪਾਰ ਕਰਨ ਵਿਚ ਸਹੂਲਤ ਦਿੰਦੇ ਹਨ ਪਰ ਨਵੀਂ ਨੀਤੀ ਤਹਿਤ 3000 ਸਾਲਾਨਾ ਪਾਸ ਪ੍ਰਾਪਤ ਕਰਕੇ ਕੋਈ ਵੀ ਵਾਹਨ ਪੂਰੇ ਸਾਲ ਲਈ ਅਸੀਮਤ ਕਿਲੋਮੀਟਰ ਯਾਤਰਾ ਕਰ ਸਕੇਗਾ ਤੇ ਉਸ ਨੂੰ ਕਿਸੇ ਵੀ ਹਾਈਵੇ ‘ਤੇ ਟੋਲ ਟੈਕਸ ਨਹੀਂ ਦੇਣਾ ਪਵੇਗਾ।
ਮੰਤਰਾਲੇ ਦੇ ਇੱਕ ਹੋਰ ਅਧਿਕਾਰੀ ਮੁਤਾਬਕ ਦੇਸ਼ ਭਰ ਵਿੱਚ ਰੁਕਾਵਟ-ਮੁਕਤ ਇਲੈਕਟ੍ਰਾਨਿਕ ਟੋਲਿੰਗ ਨੂੰ ਲਾਗੂ ਕਰਨ ਲਈ ਇਸ ਸਾਲ ਦੇ ਅੰਤ ਤੱਕ ਆਟੋਮੈਟਿਕ ਨੰਬਰ ਪਲੇਟ ਪਛਾਣ ਪ੍ਰਣਾਲੀ (ANPR) ਲਾਗੂ ਕੀਤੀ ਜਾਵੇਗੀ। ਇਹ ਪਹਿਲ ਸਭ ਤੋਂ ਪਹਿਲਾਂ ਭਾਰੀ ਵਾਹਨਾਂ ਤੇ ਖਤਰਨਾਕ ਸਮੱਗਰੀ ਢੋਣ ਵਾਲੇ ਟਰੱਕਾਂ ਤੋਂ ਸ਼ੁਰੂ ਕੀਤੀ ਜਾਵੇਗੀ। ਪੂਰੇ ਨੈਟਵਰਕ ਦੀ ਮੈਪਿੰਗ ਪੂਰੀ ਹੋ ਚੁੱਕੀ ਹੈ ਤੇ ਨਵੀਆਂ ਤਕਨੀਕਾਂ ਜਿਵੇਂ ਸੈਂਸਰ ਤੇ ਕੈਮਰੇ ਵੱਖ-ਵੱਖ ਖੇਤਰਾਂ ਵਿਚ ਲਗਾਏ ਜਾ ਰਹੇ ਹਨ। ਫਾਸਟੈਗ ਤੇ ਏਐੱਨਪੀਆਰ ਮਿਲ ਕੇ ਨਵੀਂ ਟੋਲ ਪ੍ਰਣਾਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.