ਲੁਧਿਆਣਾ ਦੇ ਚੰਦ ਸਿਨੇਮਾ ਦੇ ਨੇੜੇ ਬਸੰਤ ਨਗਰ ਗਲੀ ਨੰਬਰ 6 ਵਿੱਚ ਸਥਿਤ ਇੱਕ ਕਬਾੜ ਦੀ ਦੁਕਾਨ ਅੰਦਰ ਭਿਆਨਕ ਅੱਗ ਲੱਗਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਅੱਗ ਇੰਨੀ ਪ੍ਰਚੰਡੀ ਸੀ ਕਿ ਕੁਝ ਹੀ ਸਮੇਂ ਵਿੱਚ ਇਸਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਥਾਨਕ ਨਿਵਾਸੀਆਂ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਅੱਗ ਲੱਗਦੇ ਹੀ ਕਬਾੜ ਵਿੱਚ ਪਏ ਸਮਾਨ ਨੇ ਤੇਜ਼ੀ ਨਾਲ ਅੱਗ ਫੜ ਲਈ, ਜਿਸ ਨਾਲ ਅੱਗ ਬੇਕਾਬੂ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਰੀਬ 7 ਤੋਂ 10 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਹਾਲਾਂਕਿ ਅੱਗ ਇੰਨੀ ਭਿਆਨਕ ਸੀ ਕਿ ਕਈ ਘੰਟਿਆਂ ਦੀ ਮਿਹਨਤ ਦੇ ਬਾਵਜੂਦ ਵੀ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਰਾਤ ਕਰੀਬ 11 ਵਜੇ ਲੱਗੀ ਸੀ ਜੋ ਰਾਤ 2 ਤੋਂ 3 ਵਜੇ ਤੱਕ ਭੜਕਦੀ ਰਹੀ।
ਅੱਗ ਦੀ ਘਟਨਾ ਦੌਰਾਨ ਕਬਾੜ ਦੀ ਦੁਕਾਨ ਅੰਦਰ ਖੜੀਆਂ ਕਈ ਗੱਡੀਆਂ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਅੱਗ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦੀ ਅਸ਼ੰਕਾ ਜਤਾਈ ਜਾ ਰਹੀ ਹੈ।
ਮੌਕੇ ‘ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਅਤੇ ਪੀਸੀਆਰ ਟੀਮਾਂ ਵੀ ਤਾਇਨਾਤ ਰਹੀਆਂ, ਜਿਨ੍ਹਾਂ ਵੱਲੋਂ ਭੀੜ ਨੂੰ ਕਾਬੂ ਵਿੱਚ ਰੱਖਣ ਦੇ ਨਾਲ ਨਾਲ ਟ੍ਰੈਫਿਕ ਨੂੰ ਵੀ ਡਾਇਵਰਟ ਕੀਤਾ ਗਿਆ, ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।
ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਫਾਇਰ ਡਿਪਾਰਟਮੈਂਟ ਅਤੇ ਪੁਲਿਸ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








