Buland kesari ;- ਪਿਛਲੇ ਦਿਨੀਂ ਸੇਵਾਮੁਕਤ ਸਬ-ਇੰਸਪੈਕਟਰ ਓਮ ਪ੍ਰਕਾਸ਼ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਨੂੰ ਵਾਰਦਾਤ ਸਮੇਂ ਵਰਤੀ ਗਈ ਬੰਦੂਕ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਦੀ ਪਛਾਣ ਹਰਸਿਮਰਨਜੀਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ। ਉਕਤ ਨੌਜਵਾਨ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਬ ਇੰਸਪੈਕਟਰ ਜੈਤੋ ਮੰਡੀ ਦਾ ਰਹਿਣ ਵਾਲਾ ਸੀ ਪਰ ਬਠਿੰਡਾ ਵਿਚ ਉਹ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਸੀ ਅਤੇ ਸਾਰਾ ਪੈਸਾ ਉਸ ਔਰਤ ਨੂੰ ਦਿੰਦਾ ਸੀ, ਜਿਸ ਕਾਰਨ ਉਸ ਦੇ ਲੜਕੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਜਾਂਚ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਦੀ ਪਤਨੀ ਦਾ ਤਿੰਨ ਕੁ ਮਹੀਨੇ ਪਹਿਲਾਂ ਹੀ ਦੇਹਾਂਤ ਹੋਇਆ ਸੀ। ਮ੍ਰਿਤਕਾ ਦੇ ਨਾਂ ’ਤੇ ਇਕ ਮਕਾਨ ਸੀ। ਉਸ ਮਕਾਨ ’ਤੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਕਰਜ਼ਾ ਲਿਆ ਸੀ ਜਿਸ ਕਾਰਨ ਹਰਸਿਮਰਨਜੀਤ ਸਿੰਘ ਨੂੰ ਸ਼ੱਕ ਸੀ ਕਿ ਕਰਜ਼ੇ ਦੇ ਪੈਸੇ ਵੀ ਉਹ ਉਸ ਔਰਤ ਨੂੰ ਦੇ ਦੇਵੇਗਾ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਸਿਟੀ 1 ਹਰਬੰਸ ਸਿੰਘ ਨੇ ਦੱਸਿਆ ਹੈ ਕਿ 20 ਦਸੰਬਰ ਨੂੰ ਮੁਲਤਾਨੀਆ ਰੋਡ ’ਤੇ ਸਥਿਤ ਡੀਡੀ ਮਿੱਤਲ ਟਾਵਰ ਦੇ ਸਾਹਮਣੇ ਪੰਜਾਬ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਓਮ ਪ੍ਰਕਾਸ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਸੀ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਸੀ ਜਦ ਉਕਤ ਸਬ ਇੰਸਪੈਕਟਰ ਕਿਸੇ ਦੁਕਾਨ ’ਤੇ ਖਰੀਦਦਾਰੀ ਕਰਨ ਆਇਆ ਸੀ।
ਡੀਐੱਸਪੀ ਨੇ ਦੱਸਿਆ ਹੈ ਕਿ ਇਸ੍ ਕਤਲ ਦੀ ਗੁੱਥੀ ਸੁਲਝਾਉਣ ਲਈ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ ਤਾਂ ਕਿ ਕਾਤਲ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ਜਿਸ ਤੋਂ ਬਾਅਦ ਥਾਣਾ ਕੈਨਾਲ ਕਾਲੋਨੀ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਅਨੁਸਾਰ ਇਸ ਦੌਰਾਨ ਦੋ ਜਨਵਰੀ ਨੂੰ ਮ੍ਰਿਤਕ ਦੀਆਂ ਲੜਕੀਆਂ ਉਰਮਲਾ ਸ਼ਰਮਾ ਅਤੇ ਰੇਖਾ ਸ਼ਰਮਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਭਰਾ ਹਰਸਿਮਰਨਜੀਤ ਸਿੰਘ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਹੈ। ਪੀੜਤ ਕੁੜੀਆਂ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਹਰਸਿਮਰਨਜੀਤ ਸਿੰਘ ਨੂੰ ਪਰਚੇ ਵਿਚ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਕਥਿਤ ਦੋਸ਼ੀ ਇਸ ਮੌਕੇ ਅਮਰਪੁਰਾ ਬਸਤੀ ਵਿਚ ਮੌਜੂਦ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਨੂੰ ਉਸ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.