Buland kesari ;- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਤੋਂ ਸੇਵਾ ਮੁਕਤ ਕਰਨ ਦੀ ਨਿੰਦਾ ਕਰਦਿਆਂ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਖਾਲਸਾ ਪੰਥ ਲਈ ਚੈਲਿੰਜ ਦਸਿਆ ਹੈ ਤੇ ਕਿਹਾ ਹੈ ਕਿ ਬਾਦਲ ਦਲ ਜੋ ਪੰਥ ਦਾ ਗੁਨਾਹਗਾਰ ਹੈ ,ਉਸਨੇ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਆਪਣੀ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਲਿਆ ਹੈ। ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਨਵ ਮਸੰਦਾਂ ਬਾਦਲਕਿਆਂ ਨੂੰ ਗੁਰਧਾਮਾਂ ਵਿਚੋਂ ਬਾਹਰ ਕਢਣ ਲਈ ਨਵੀ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ।ਸਿੱਖ ਆਪਣੇ ਜਥੇ ਬਣਾਕੇ ਅਕਾਲ ਤਖਤ ਸਾਹਿਬ ਵਿਖੇ ਅਰਦਾਸਾਂ ਕਰਕੇ ਮੀਰੀ ਪੀਰੀ ਦੇ ਮਾਲਕ ਤੋਂ ਸ਼ਕਤੀ ਮੰਗਣ ਤੇ ਅਕਾਲ ਤਖਤ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਵਿਚ ਅਕਾਲੀ ਦਲ ਸਿਰਜਣ।ਸਮੂਹ ਅਕਾਲੀ ਧੜੇ ਆਪਣੇ ਦਲ ਭੰਗ ਕਰਕੇ ਭਰਤੀ ਕਮੇਟੀ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੰਥਕ ਸੰਕਟ ਦਾ ਕਾਰਣ ਵੱਖ ਵੱਖ ਅਕਾਲੀ ਧੜੇ ਹਨ ,ਜਿਸ ਕਾਰਣ ਬਾਦਲ ਦਲ ਪੰਥ ਖਿਲਾਫ ਗੁਨਾਹ ਕਰ ਰਿਹਾ ਹੈ ,ਵੱਖ ਵਖ ਪੰਥਕ ਧੜਿਆਂ ਦੀ ਈਗੋ ਕਾਰਣ ਪੰਥ ਦੀ ਇਕ ਜਮਾਤ ਨਹੀਂ ਬਣੀ ਤੇ ਪੰਜਾਬ ਦੀ ਸਿਆਸਤ ਆਪਣੀ ਸੂਝ ਬੂਝ ਦੀ ਘਾਟ ਕਾਰਣ ਕੇਂਦਰੀ ਜਮਾਤਾਂ ਦੇ ਹਵਾਲੇ ਕਰ ਦਿਤੀ ਹੈ।
ਸਿਖ ਸੇਵਕ ਸੁਸਾਇਟੀ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਅਕਾਲ ਤਖਤ ਤੋਂ ਅਕਾਲੀ ਦਲ ਦਾ ਪ੍ਰਧਾਨ ਅਜਿਹਾ ਬਣਨਾ ਚਾਹੀਦਾ ਹੈ ਜੋ ਪੰਥਕ ਸਿਧਾਂਤਾਂ ਦਾ ਪਹਿਰੇਦਾਰ ਹੋਵੇ ਨਾ ਕਿ ਰਾਜਨੀਤਕ ਸਖਸ਼ੀਅਤ ਹੋਵੇ।ਅਕਾਲੀ ਦਲ ਦੇ ਪ੍ਰਧਾਨ ਨੂੰ ਪੰਥਕ ਸੰਗਠਨ ਮਜਬੂਤ ਕਰਨ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸਿਆਸੀ ਚੋਣ ਲੜਨ ਉਪਰ ਪਾਬੰਦੀ ਹੋਣੀ ਚਾਹੀਦੀ ਹੈ।ਅਕਾਲੀ ਦਲ ਦੀ ਸਿਆਸਤ ਦੇ ਉਜਾੜੇ ਦਾ ਕਾਰਣ ਅਕਾਲੀ ਦਲ ਦੇ ਪ੍ਰਧਾਨ ਦਾ ਮੁਖਮੰਤਰੀ ਬਣਨਾ,ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਵਿਚ ਦਖਲ ਅੰਦਾਜੀ ਤੇ ਇਹਨਾਂ ਪੰਥਕ ਸੰਸਥਾਵਾਂ ਨੂੰ ਆਪਣੀ ਨਿਜ ਸਿਆਸਤ ਦੁਆਰਾ ਚਲਾਉਣਾ ਸੀ।
ਖਾਲਸਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੀ ਚੋਣ ਉਹ ਸਿਖ ਨਾ ਲੜਨ ਜੋ ਸਿਆਸੀ ਚੋਣਾਂ ਲੜਨਾ ਚਾਹੁੰਦੇ ਹਨ।ਸ੍ਰੋਮਣੀ ਕਮੇਟੀ ਵਿਚ ਸਿਆਸਤਦਾਨਾਂ ਦੀ ਸ਼ਮੂਲੀਅਤ ਦੇ ਕਾਰਣ ਸਿਖੀ ਪ੍ਰਚਾਰ ਤੇ ਸਿਧਾਂਤ ਦਾ ਨੁਕਸਾਨ ਹੋਇਆ ਹੈ।ਇਸ ਬਾਰੇ ਅਕਾਲ ਤਖਤ ਸਾਹਿਬ ਵਲੋਂ ਬਣੀ ਭਰਤੀ ਕਮੇਟੀ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਤੇ ਖੇਤਰਵਾਦ ਤੇ ਰਾਜਾਂ ਦੇ ਵਧ ਅਧਿਕਾਰਾਂ ਬਾਰੇ ਆਪਣਾ ਏਜੰਡਾ ਉਲੀਕਣਾ ਚਾਹੀਦਾ ਹੈ ਜਿਸਨੂੰ ਬਾਦਲ ਅਕਾਲੀ ਦਲ ਛਡ ਚੁਕਾ ਹੈ। ਉਨ੍ਹਾਂ ਕਿਹਾ ਕਿ ਭਰਤੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੀ ਅਜਮਤ ਤੇ ਸਤਿਕਾਰ ਦੀ ਬਹਾਲੀ ਲਈ ਅਜਿਹਾ ਅਕਾਲੀ ਦਲ ਉਸਾਰਨਾ ਚਾਹੀਦਾ ਹੈ ਜਿਸ ਵਿਚ ਸਮੁਚੇ ਪੰਥ ਦੀ ਸ਼ਮੂਲੀਅਤ ਹੋਵੇ ਤੇ ਹਰੇਕ ਸਿਖ ਆਪਣੇ ਆਪ ਨੂੰ ਅਕਾਲੀ ਸਮਝੇ।
ਉਨ੍ਹਾਂ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਦੀ ਗਲਤ ਰਾਇ ਹੈ ਕਿ ਅਕਾਲੀ ਦਲ ਸਿਰਫ ਬਾਦਲ ਅਕਾਲੀ ਦਲ ਹੋ ਸਕਦਾ ਹੈ ਜਿਸ ਕੋਲ ਤਕੜੀ ਨਿਸ਼ਾਨ ਹੈ।ਉਨ੍ਹਾਂ ਕਿਹਾ ਕਿ ਡਾਕਟਰ ਚੀਮਾ ਤੇ ਹਰਚਰਨ ਬੈਂਸ ਦੀਆਂ ਇਨ੍ਹਾਂ ਹਰਕਤਾਂ ਕਾਰਣ ਅਕਾਲੀ ਦਲ ਦਾ ਵਡਾ ਨੁਕਸਾਨ ਹੋ ਚੁਕਾ ਪਰ ਉਹ ਅਜੇ ਤਕ ਉਸ ਰਾਹ ਉਪਰ ਖੜੇ ਹਨ ਜਿਸ ਕਾਰਣ ਅਕਾਲੀ ਦਲ ਖਤਮ ਹੋਇਆ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹੋਂਦ ਕਿਥੇ ਹੈ ਜੋ ਕਿਸੇ ਵੇਲੇ ਪੰਥ ਦੀ ਰੂਹ ਹੈ ਜਜਬਾ ਸੀ ਜਿਸ ਦਾ ਮਾਰਗ ਪੰਜਾਬ ਤੇ ਪੰਥ ਦੇ ਹਕਾਂ ਦੀ ਸਰਖਿਆ ਹੈ।ਸਤਾ ਲਈ ਬਾਦਲ ਦਲ ਨੇ ਇਸ ਮਨੋਰਥ ਨੂੰ ਤਿਆਗਕੇ ਅਕਾਲੀ ਦਲ ਦਾ ਖਾਤਮਾ ਕਰ ਦਿਤਾ ਸੀ।ਬਾਦਲ ਦਲ ਦੀ ਹਾਰਾਂ ਦਾ ਕਾਰਣ ਬਾਦਲ ਦਲ ਦੀ ਲੀਡਰਸ਼ਿਪ ਪ੍ਰਤੀ ਪੰਥ ਦਾ ਰੋਸ ਹੈ।ਜੋ ਗੁਨਾਹ ਬਾਦਲ ਦਲ ਦੀ ਲੀਡਰਸ਼ਿਪ ਨੇ ਕੀਤੇ ਉਹ ਪੰਥ ਨੇ ਮਾਫ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜੋ ਪੰਥ ਅਕਾਲ ਤਖਤ ਰਾਹੀਂ ਅਕਾਲੀ ਦਲ ਸਿਰਜੇਗਾ ਉਹੀ ਅਕਾਲੀ ਦਲ ਅਸਲੀ ਬਣੇਗਾ।ਸ਼ਰਤ ਇਹੀ ਹੈ ਕਿ ਉਸਨੂੰ ਪੰਥਕ ਜਜਬੇ ਤੇ ਸਿਖ ਸਿਧਾਂਤਾਂ ਉਪਰ ਪਹਿਰਾ ਦੇਣਾ ਪਵੇਗਾ।ਅਕਾਲ ਤਖਤ ਵਲੋਂ ਨਕਾਰੇ ਕਿਸੇ ਲੀਡਰ ਨੂੰ ਅਗਵਾਈ ਨਹੀਂ ਦੇਣੀ ਚਾਹੀਦੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.