Buland Kesari :- ਦੇਸ਼ ਭਰ ’ਚ ਸਕੂਲੀ ਸਿੱਖਿਆ ਦੇ ਦਾਖ਼ਲੇ ’ਚ 37 ਲੱਖਤੋਂ ਵੱਧ ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਐੱਸਸੀ, ਐੱਸਟੀ, ਓਬੀਸੀ ਤੇ ਕੁੜੀਆਂ ਦੇ ਵਰਗ ’ਚ ਸਭ ਤੋਂ ਵੱਧ ਹੈ। ਸਾਲ 2022-23 ਦੀ ਤੁਲਨਾ ’ਚ ਸਾਲ 2023-24 ’ਚ ਸਕੂਲੀ ਸਿੱਖਿਆ ਦੇ ਵੱਖ-ਵੱਖ ਵਰਗਾਂ ’ਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਸੈਕੰਡਰੀ ਤਹਿਤ ਜਮਾਤ ਨੌਵੀਂ ਤੋਂ 12ਵੀਂ ’ਚ ਇਹ ਗਿਰਾਵਟ 17 ਲੱਖ ਤੋਂ ਵੱਧ ਹੈ। ਹਾਲਾਂਕਿ, ਪ੍ਰੀ-ਪ੍ਰਾਇਮਰੀ ਦੇ ਦਾਖ਼ਲੇ ’ਚ ਵਾਧਾ ਦਰਜ ਕੀਤਾ ਗਿਆ ਹੈ। ਸਿੱਖਿਆ ਮੰਤਰਾਲੇ ਦੀ ਏਕੀਕ੍ਰਿਤ ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ (ਯੂਡੀਆਈਐੱਸਈ ਪਲੱਸ) ਦੀ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਮੁਤਾਬਕ, ਪ੍ਰਾਇਮਰੀ, ਉੱਚ ਪ੍ਰਾਇਮਰੀ ਤੇ ਹਾਇਰ ਸੈਕੰਡਰੀ ਸਕੂਲਾਂ ’ਚ ਵਿਦਿਆਰਥੀ ਦਾਖ਼ਲੇ ’ਚ 37.45 ਲੱਖ ਦੀ ਗਿਰਾਵਟ ਆਈ ਹੈ। ਸਾਲ 2023-24 ’ਚ ਕੁੱਲ ਦਾਖ਼ਲਾ 24.80 ਕਰੋੜ ਸੀ। ਇਸ ਤੋਂ ਪਹਿਲੇ ਸਾਲ 2022-23 ’ਚ 25.17 ਕਰੋੜ ਤਾਂ ਸਾਲ 2021-22 ’ਚ ਲਗਪਗ 26.52 ਕਰੋੜ ਸੀ। ਇਸ ਤਰ੍ਹਾਂ ਸਾਲ 2022-23 ਦੀ ਤੁਲਨਾ ’ਚ ਸਾਲ 2023-24 ’ਚ ਇਸ ਅੰਕੜੇ ’ਚ 37.45 ਲੱਖ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ, ਫ਼ੀਸਦੀ ’ਚ ਇਹ ਅੰਕੜਾ ਸਿਰਫ਼ 1.5 ਹੈ। ਇਸ ਦੌਰਾਨ ਵਿਦਿਆਰਥਣਾਂ ਦੀ ਗਿਣਤੀ ’ਚ 16 ਲੱਖ ਦੀ ਗਿਰਾਵਟ ਆਈ ਹੈ, ਜਦਕਿ ਵਿਦਿਆਰਥੀਆਂ ਦੀ ਗਿਣਤੀ ’ਚ 21 ਲੱਖ ਦੀ ਗਿਰਾਵਟ ਆਈ ਹੈ। ਕੁੱਲ ਦਾਖ਼ਲੇ ’ਚ ਘੱਟ ਗਿਣਤੀਆਂ ਦੀ ਨੁਮਾਇੰਦਗੀ ਲਗਪਗ 20 ਫ਼ੀਸਦੀ ਸੀ। ਘੱਟ ਗਿਣਤੀਆਂ ’ਚ 79.6 ਫ਼ੀਸਦੀ ਮੁਸਲਮਾਨ, 10 ਫ਼ੀਸਦੀ ਇਸਾਈ, 6.9 ਫ਼ੀਸਦੀ ਸਿੱਖ, 2.2 ਫ਼ੀਸਦੀ ਬੌਧ, 1.3 ਫ਼ੀਸਦੀ ਜੈਨ ਤੇ 0.1 ਫ਼ੀਸਦੀ ਪਾਰਸੀ ਸਨ। ਰਿਪੋਰਟ ਮੁਤਾਬਕ ਰਾਸ਼ਟਰੀ ਪੱਧਰ’ਤੇ ਰਜਿਸਟਰਡ 26.9 ਫ਼ੀਸਦੀ ਵਿਦਿਆਰਥੀ ਆਮ ਵਰਗ ਤੋਂ, 18 ਫ਼ੀਸਦੀ ਅਨੁਸੂਚਿਤ ਜਾਤੀ ਤੋਂ, 9.9 ਫ਼ੀਸਦੀ ਅਨੁਸੂਚਿਤ ਜਨਜਾਤੀ ਤੋਂ ਤੇ 45.2 ਫ਼ੀਸਦੀ ਹੋਰ ਪੱਛੜੇ ਵਰਗ ਤੋਂ ਹਨ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਸੂਬਿਆਂ ’ਚ ਸਕੂਲਾਂ, ਵਿਦਿਆਰਥੀਆਂ ਤੇ ਨਾਮਜ਼ਦ ਵਿਦਿਆਰਥੀਆਂ ਦੀ ਉਪਲੱਬਧਤਾ ਵੱਖ-ਵੱਖ ਹੈ। ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰਾਖੰਡ ਤੇ ਰਾਜਸਥਾਨ ਵਰਗੇ ਸੂਬਿਆਂ ’ਚ ਉਪਲੱਬਧ ਸਕੂਲਾਂ ਦਾ ਫ਼ੀਸਦੀ ਨਾਮਜ਼ਦ ਵਿਦਿਆਰਥੀਆਂ ਦੇ ਫ਼ੀਸਦੀ ਤੋਂ ਵੱਧ ਹੈ। ਜਦਕਿ ਤੇਲੰਗਾਨਾ, ਪੰਜਾਬ, ਬੰਗਾਲ, ਹਰਿਆਣਾ, ਗੁਜਰਾਤ, ਮਹਾਰਾਸ਼ਟਰ ਤਾਮਿਲਨਾਡੂ, ਦਿੱਲੀ ਤੇ ਬਿਹਾਰ ਵਰਗੇ ਸੂਬਿਆਂ ’ਚ ਨਾਮਜ਼ਦ ਵਿਦਿਆਰਥੀਆਂ ਦੀ ਤੁਲਨਾ ’ਚ ਉਪਲੱਬਧ ਸਕੂਲਾਂ ਦਾ ਫ਼ੀਸਦੀ ਕਾਫ਼ੀ ਘੱਟ ਹੈ, ਜੋ ਮੁੱਢਲੇ ਢਾਂਚੇ ਦੀ ਬਿਹਤਰ ਵਰਤੋਂ ਦਾ ਸੰਕੇਤ ਦਿੰਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.