ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ‘ਚ ਪੁਰਾਣੀ ਰੰਜਿਸ਼ ਤੇ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਕਾਰਨ ਦੋ ਧਿਰਾਂ ਵਿਚਕਾਰ ਵੱਡਾ ਝਗੜਾ ਖੜ੍ਹਾ ਹੋ ਗਿਆ। ਇਲਜ਼ਾਮ ਹੈ ਕਿ ਇਸ ਘਟਨਾ ‘ਚ ਇੱਕ ਪ੍ਰਵਾਸੀ ਵੱਲੋਂ ਪੰਜਾਬੀ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ। ਘਟਨਾ ਤੋਂ ਵਾਲਮੀਕੀ ਸਮਾਜ ਤੇ ਹੋਰ ਸਿੱਖ ਜਥੇਬੰਦੀਆਂ ਉਸ ਦੇ ਹੱਕ ‘ਚ ਸਾਹਮਣੇ ਆ ਗਈਆਂ ਅਤੇ ਉਨ੍ਹਾਂ ਨੇ ਵੱਲੇ ਥਾਣੇ ਦਾ ਘਰਾਓ ਕੀਤਾ।
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਅਸਲ ‘ਚ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੈ ਅਤੇ ਇਸ ਸਬੰਧੀ ਕੇਸ ਪਹਿਲਾਂ ਤੋਂ ਹੀ ਕੋਰਟ ‘ਚ ਚੱਲ ਰਿਹਾ ਹੈ। ਪੁਲਿਸ ਅਨੁਸਾਰ, ਦੋਵੇਂ ਧਿਰਾਂ ਵਿਚਕਾਰ ਤਣਾਅ ਵਧਣ ਤੋਂ ਬਾਅਦ ਕੰਟਰੋਲ ਰੂਮ ਨੂੰ 192 ਤੇ 112 ਨੰਬਰ ਤੇ ਸ਼ਿਕਾਇਤ ਮਿਲੀ, ਜਿਸ ਤੋਂ ਬਾਅਦ ਪੀਸੀਆਰ ਟੀਮ ਮੌਕੇ ਤੇ ਪਹੁੰਚੀ। ਦੋਵਾਂ ਪੱਖਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਥਾਣੇ ਲਿਆਂਦਾ ਗਿਆ ਤੇ ਉਨ੍ਹਾਂ ਨੂੰ ਡਿਟੇਨ ਕੀਤਾ ਗਿਆ, ਤਾਂ ਜੋ ਹਾਲਾਤ ਵਿਗੜਣ ਤੋਂ ਬਚਾਅ ਕੀਤਾ ਜਾ ਸਕੇ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਪੱਖਾਂ ਦੇ ਵਿਚਕਾਰ ਕੋਰਟ ‘ਚ ਕੇਸ ਚੱਲ ਰਿਹਾ ਹੈ ਤੇ ਪੁਲਿਸ ਨੇ ਕਾਨੂੰਨ ਦੇ ਦਾਇਰੇ ‘ਚ ਰਹਿੰਦਿਆਂ ਕਾਰਵਾਈ ਕੀਤੀ ਹੈ। ਅਧਿਕਾਰੀ ਨੇ ਦੱਸਿਆ, ਚਾਹੇ ਕੋਈ ਪ੍ਰਵਾਸੀ ਹੈ ਜਾਂ ਪੰਜਾਬੀ, ਕਾਨੂੰਨ ਸਾਰਿਆਂ ਲਈ ਇਕਸਾਰ ਹੈ। ਸਾਨੂੰ ਇਲਾਕੇ ‘ਚ ਸ਼ਾਂਤੀ ਬਣਾਈ ਰੱਖਣੀ ਹੈ ਤੇ ਇਸ ਲਈ ਹੀ ਦੋਵੇਂ ਧਿਰਾਂ ਨੂੰ ਅਸਥਾਈ ਤੌਰ ਤੇ ਡਿਟੇਨ ਕੀਤਾ ਗਿਆ ਸੀ।
ਲੋਕਾਂ ਦਾ ਧਰਨਾ ਪ੍ਰਦਰਸ਼ਨ
ਦੂਜੇ ਪਾਸੇ, ਵਾਲਮੀਕੀ ਤੇ ਹੋਰ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪੰਜਾਬੀ ਭਰਾ ਨੂੰ ਹੀ ਹਵਾਲਾਤ ‘ਚ ਰੱਖਿਆ ਗਿਆ ਹੈ, ਜਦਕਿ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਗਈ। ਜਥੇਬੰਦੀਆਂ ਦੇ ਨੇਤਾਵਾਂ ਨੇ ਕਿਹਾ ਕਿ ਜੇ ਤਿੰਨਾਂ ਦੋਸ਼ੀਆਂ ਤੇ ਸਖ਼ਤ ਕਾਰਵਾਈ ਨਾ ਹੋਈ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਪੰਜਾਬੀ ਵਿਅਕਤੀ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਸੜਕਾਂ ਤੇ ਧਰਨਾ ਦਿੱਤਾ ਜਾਵੇਗਾ ਤੇ ਰੋਡ ਜਾਮ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਵਾਸੀ ਭਾਈਚਾਰੇ ਵੱਲੋਂ ਪੰਜਾਬੀਆਂ ਨਾਲ ਨਾਜਾਇਜ਼ ਤਰੀਕੇ ਨਾਲ ਪੈਸੇ ਵਸੂਲ ਕੀਤੇ ਜਾ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਇਨਸਾਫ਼ ਮਿਲੇ। ਇਸ ਮੌਕੇ ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ ਤੇ ਐਲਾਨ ਕੀਤਾ ਕਿ ਉਹ ਆਪਣੇ ਭਰਾ ਦੇ ਹੱਕ ‘ਚ ਅੰਤਿਮ ਸਾਹ ਤੱਕ ਖੜ੍ਹੇ ਰਹਿਣਗੇ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








