Buland kesari ;- ਅੰਮ੍ਰਿਤਸਰ– ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇੱਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਗੁਰਬਾਣੀ ਅੰਦਰ ਫੁਰਮਾਣ ਹੈ; ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ ਭਾਵ ਕਿ ਕਿਸਾਨ ਆਪਣੇ ਪਰਿਵਾਰ ਲਈ ਤੇ ਆਪਣੇ ਸਮਾਜ ਦੇ ਢਿੱਡ ਭਰਨ ਲਈ ਕਿਰਤ ਕਰਦਾ ਹੈ। ਪਰ ਅੱਜ ਜੋ ਵਰਤਾਰਾ ਵਾਪਰ ਰਿਹਾ ਹੈ, ਜਿਸ ਤਰ੍ਹਾਂ ਗੱਲਬਾਤ ਕਰਕੇ ਆ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਧਰਨਾਕਾਰੀ ਕਿਸਾਨਾਂ ਖਿਲਾਫ਼ ਵੱਡਾ ਐਕਸ਼ਨ ਕਰਕੇ ਉਨ੍ਹਾਂ ਦੇ ਧਰਨਿਆਂ ਨੂੰ ਪੁੱਟਿਆ ਗਿਆ ਹੈ, ਇਹ ਸਭ ਜੋ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਉਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਸਰਕਾਰ ਹੀ ਅੱਜ ਜਮਹੂਰੀ ਕਦਰਾਂ ਕੀਮਤਾਂ ਨੂੰ ਦਬਾਉਣ ਉੱਤੇ ਤੁਰੀ ਹੋਈ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਜਦੋਂ ਭਾਰਤ ਅੰਦਰ ਸੰਵਿਧਾਨਕ ਲੋਕਤੰਤਰ ਤੇ ਨਿਆਂ ਦੀ ਵਿਵਸਥਾ ਹੈ ਤਾਂ ਉਸਦੀ ਬਜਾਏ ਇਸ ਤਰ੍ਹਾਂ ਸ਼ਰੇਆਮ ਅਣਮਨੁੱਖੀ ਤਰੀਕੇ ਦੀਆਂ ਕਾਰਵਾਈਆਂ ਕਰਨਾ ਕਿਸ ਲੋਕਤੰਤਰ ਤੇ ਨਿਆਂ ਤੰਤਰ ਦਾ ਹਿੱਸਾ ਹੈ? ਹਾਲਾਂਕਿ ਇਸ ਨਿਆਂ ਤੰਤਰ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਦਿੱਤਾ ਪਰ ਜਿੰਨਾ ਕੁ ਵੀ ਨਿਆਂ ਦਾ ਪ੍ਰਬੰਧ ਹੈ, ਉਸਦੀ ਬਜਾਏ ਪੁਲਿਸ ਹੀ ਅਦਾਲਤ ਕਿਉਂ ਬਣੀ ਹੋਈ ਹੈ?
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਤਜਰਬਾ ਹੈ ਕਿ ਅੰਗਰੇਜ਼ੀ ਸ਼ਾਸਨ ਤੋਂ ਲੈਕੇ ਹੁਣ ਤੱਕ ਜਦੋਂ ਵੀ ਪੁਲਿਸ ਨੂੰ ਬੇਰੋਕ ਤਾਕਤਾਂ ਮਿਲੀਆਂ ਹਨ ਤਾਂ ਇਸ ਨਾਲ ਆਮ ਲੋਕਾਂ ਦਾ ਘਾਣ ਹੋਇਆ ਹੈ। ਇਸਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਤੀਹ, ਪੈਂਤੀ ਸਾਲ ਪਹਿਲਾਂ ਜਦੋਂ ਪੁਲਿਸ ਨੂੰ ਲੋੜੋਂ ਵੱਧ ਤਾਕਤਾਂ ਮਿਲੀਆਂ ਤਾਂ ਉਸ ਦੀ ਦੁਰਵਰਤੋਂ ਕਰਦਿਆਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਅਤੇ ਉਨ੍ਹਾਂ ਕੇਸਾਂ ਵਿੱਚ ਅੱਜ ਸੀਬੀਆਈ ਅਦਾਲਤਾਂ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਹੋ ਰਹੀਆਂ ਹਨ ਪਰ ਅੱਜ ਫੇਰ ਉਹੀ ਮਾਹੌਲ ਬਣਾਇਆ ਜਾ ਰਿਹਾ ਹੈ।
ਅੱਜ ਵੀ ਅਜਿਹੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਫੌਜ ਦੇ ਇੱਕ ਕਰਨਲ ਤੇ ਉਸਦੇ ਪਰਿਵਾਰ ’ਤੇ ਪੁਲਿਸ ਦਾ ਤਸ਼ੱਦਦ ਢਾਹਿਆ ਗਿਆ ਤੇ ਸਾਬਕਾ ਤੇ ਮੌਜੂਦਾ ਫੌਜੀ ਅਧਿਕਾਰੀਆਂ ਵੱਲੋਂ ਦਬਾਅ ਪੈਣ ’ਤੇ ਜਦੋਂ ਦੋਸ਼ੀ ਪੁਲਿਸ ਵਾਲਿਆਂ ਤੇ ਕਾਰਵਾਈ ਕਰਨੀ ਪੈ ਰਹੀ ਹੈ ਤੇ ਉਸ ਵਿੱਚ ਪੁਲਿਸ ‘ਅਣਪਛਾਤੀ’ ਹੋ ਗਈ। ਇਸੇ ਤਰ੍ਹਾਂ ਅੱਜ ਕਿਸਾਨਾਂ ਤੇ ਤਸ਼ੱਦਦ ਢਾਹੇ ਜਾ ਰਹੇ ਹਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਨਾਲ ਕੋਈ ਮਸਲਾ ਪੈਦਾ ਹੋ ਰਿਹਾ ਹੈ ਤਾਂ ਇਸਦਾ ਹੱਲ ਗੱਲਬਾਤ ਨਾਲ ਕੱਢਿਆ ਜਾਣਾ ਚਾਹੀਦਾ ਹੈ। ਕਿਉਂਕਿ ਹੁਣ ਤੱਕ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਧਰਨਿਆਂ ਵਿੱਚ ਵੀ ਜਾਂਦੀਆਂ ਰਹੀਆਂ ਹਨ ਤੇ ਉਨ੍ਹਾਂ ਤੋਂ ਸਮਰਥਨ ਵੀ ਲੈਂਦੀਆਂ ਰਹੀਆਂ ਹਨ ਤੇ ਅੱਜ ਉਨ੍ਹਾਂ ਹੀ ਕਿਸਾਨਾਂ ’ਤੇ ਚੜ੍ਹਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਅੰਦਰ ਨਿਆਂਕਾਰੀ ਕਾਨੂੰਨ ਦਾ ਰਾਜ ਨਾ ਹੋ ਕੇ ਪੁਲਿਸ ਦਾ ਰਾਜ ਹੈ ਤੇ ਇਹ ਬਹੁਤ ਖ਼ਤਰਨਾਕ ਗੱਲ ਹੈ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਅੰਦਰ ਪੁਲਿਸ ਦਾ ਰਾਜ ਹੋਇਆ ਹੈ। ਪੰਜਾਬ ਨੇ ਇੱਕ ਲੰਮਾ ਸੰਤਾਪ ਭੋਗਿਆ ਹੈ ।
ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਫੁਰਮਾਣ ਹੈ; ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਰਾਜੇ ਦਾ ਕੰਮ ਨਿਆਂ ਕਰਨਾ ਹੁੰਦਾ ਹੈ ਅਤੇ ਮੌਜੂਦਾ ਹਾਕਮ ਤਾਂ ਚੁਣੇ ਵੀ ਲੋਕਾਂ ਨੇ ਹੀ ਵੋਟਾਂ ਪਾ ਕੇ ਹਨ। ਇਸ ਲਈ ਜਿੰਨਾਂ ਨੇ ਵੋਟਾਂ ਪਾਈਆਂ ਹਨ ਉਨ੍ਹਾਂ ਨੂੰ ਨਿਆਂ ਦੇਣ ਦੀ ਥਾਂ ਜਬਰ ਕਰਨ ਤੋਂ ਸਰਕਾਰ ਗੁਰੇਜ਼ ਕਰੇ। ਸਰਕਾਰ ਇਹ ਗੱਲ ਚੇਤੇ ਰੱਖੇ ਕਿ ਕਿਸਾਨਾਂ ਦੇ ਧਰਨੇ ਨੂੰ ਇਸ ਤਰ੍ਹਾਂ ਪੁਲਿਸ ਜਬਰ ਨਾਲ ਚੁੱਕੇ ਜਾਣ ਦਾ ਪੰਜਾਬੀ ਮਨਾਂ ਉੱਪਰ ਗਹਿਰਾ ਤੇ ਮਾੜਾ ਪ੍ਰਭਾਵ ਪਵੇਗਾ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.