ਗੋਇੰਦਵਾਲ ਜੇਲ੍ਹ ਗੈਂਗਸਟਰਾਂ ਦੀ ਖੂਨੀ ਝੜਪ ਕਰਕੇ ਅੱਜਕਲ੍ਹ ਸੁਰਖੀਆਂ ਵਿੱਚ ਹੈ। ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਦਿਆਂ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਵਿਭਾਗੀ ਪੜਤਾਲ ਖੋਲ੍ਹ ਦਿੱਤੀ ਗਈ ਹੈ ਤੇ ਨਾਲ ਹੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜੇਲ੍ਹ ਵਿੱਚ ਹੋਈ ਗੈਂਗਸਟਰਾ ਦੀ ਖੂਨੀ ਝੜਪ ਦੇ ਮਾਮਲੇ ਵਿੱਚ ਏਡੀਜੀਪੀ ਜੇਲ੍ਹਾ ਬੀ ਚੰਦਰਾ ਸ਼ੇਖਰ ਨੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਅਤੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਮਾਮਲੇ ਚ ਸਖ਼ਤ ਨੋਟਿਸ ਲੈਦਿਆ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਵਿਭਾਗੀ ਪੜਤਾਲ ਖੋਲ੍ਹ ਦਿੱਤੀ ਹੈ। ਉੱਥੇ ਹੀ ਸੁਰੱਖਿਆ ਪ੍ਰਬੰਧਾਂ ‘ਚ ਕੁਤਾਹੀ ਵਰਤਣ ਦੇ ਮਾਮਲੇ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਹੋਈ ਖੂਨੀ ਝੜਪ ਦੌਰਾਨ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਛੁੱਟੀ ‘ਤੇ ਸਨ ਪਰ ਘਟਨਾ ਦੀ ਖਬਰ ਮਿਲਦੇ ਹੀ ਡਿਊਟੀ ‘ਤੇ ਪਰਤ ਆਏ ਸਨ।
ਦੱਸ ਦੇਈਏ ਕਿ 15 ਮਹੀਨੇ ਪਹਿਲਾਂ ਸ਼ੁਰੂ ਹੋਈ ਅਤਿ-ਆਧੁਨਿਕ ਜੇਲ੍ਹ ਵਿੱਚ ਹੁਣ ਤੱਕ ਗੈਂਗਸਟਰਾਂ ਦੇ ਭਿੜਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸੇ ਜੇਲ੍ਹ ਵਿੱਚ ਬੈਠ ਕੇ ਗੈਂਗਸਟਰਾਂ ਵੱਲੋਂ ਪਾਕਿਸਤਾਨ ਤੋਂ ਹਥਿਆਰ ਤੇ ਨਸ਼ਾ ਮੰਗਵਾਉਣ ਦੇ ਰੈਕੇਟ ਦਾ ਖੁਲਾਸਾ ਵੀ ਹੋ ਚੁੱਕਾ ਹੈ ਪਰ ਇਸ ਮਗਰੋਂ ਵੀ ਇਸ ਮਾਮਲੇ ਨੂੰ ਜੇਲ੍ਹ ਅਥਾਰਟੀ ਨੇ ਗੰਭੀਰਤਾ ਨਾਲ ਨਹੀਂ ਲਿਆ। ਐਤਵਾਰ ਨੂੰ ਦੋ ਗੈਂਗਸਟਰਾਂ ਦੀ ਮੌਤ ਮਗਰੋਂ ਗ੍ਰਹਿ ਵਿਭਾਗ ਨੇ ਤਲਬ ਕਰ ਲਿਆ ਹੈ। ਸੀ.ਐੱਮ. ਭਗਵੰਤ ਮਾਨ ਦੇ ਕੋਲ ਹੀ ਗ੍ਰਹਿ ਵਿਭਾਗ ਹੈ। ਅਜਿਹੇ ਵਿੱਚ ਇਸ ਸੰਬੰਧੀ ਸਾਰੀ ਜਾਣਕਾਰੀ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।
ਇਹ ਜੇਲ੍ਹ ਦਸੰਬਰ 2021 ਵਿੱਚ ਸ਼ੁਰੂ ਹੋਈ ਸੀ। ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਗੈਂਗਸਟਰ ਦੀਪਕ ਟੀਨੂੰ ਵੀ ਇਸ ਜੇਲ੍ਹ ਵਿੱਚ ਬੰਦ ਹੈ। ਜਨਵਰੀ ‘ਚ ਉਸ ਨੇ ਆਪਣੇ ਸਾਥੀਆਂ ਸਮੇਤ ਤਿੰਨ ਕੈਦੀਆਂ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਤਿੰਨੋਂ ਵਿਅਕਤੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦਸੰਬਰ 2022 ‘ਚ ਤਰਨਤਾਰਨ ਦੇ ਸਾਹਰਾਲੀ ਥਾਣੇ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਪੁਲਿਸ ਨੇ ਉਸ ਸਮੇਂ ਇਸ ਮਾਮਲੇ ਵਿੱਚ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਆਰਪੀਜੀ ਹਮਲੇ ਦੀ ਸਾਜ਼ਿਸ਼ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਹੀ ਮੁਲਜ਼ਮ ਅਜਮੀਤ ਸਿੰਘ ਨੇ ਰਚੀ ਸੀ। ਅਜ਼ਮੀਤ ਹਮਲੇ ਦੀ ਯੋਜਨਾ ਬਣਾਉਣ ਲਈ ਵਿਦੇਸ਼ਾਂ ਵਿੱਚ ਆਪਣੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ।
ਅਕਤੂਬਰ 2022 ਵਿੱਚ, ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨਾਲ ਮਿਲੀਭੁਗਤ ਨਾਲ ਜੇਲ੍ਹ ਦੇ ਅੰਦਰੋਂ ਕੰਮ ਕਰ ਰਹੇ ਗੈਂਗਸਟਰਾਂ ਦੇ ਇੱਕ ਗਠਜੋੜ ਦਾ ਪਰਦਾਫਾਸ਼ ਕੀਤਾ। ਐਸਟੀਐਫ ਨੇ ਕਿਹਾ ਸੀ ਕਿ ਗਿਰੋਹ ਦੇ ਮੈਂਬਰ ਜੇਲ੍ਹ ਤੋਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੰਮ ਕਰ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਹਾਲਾਤ ਸੁਧਾਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਸਟਾਫ਼ ਦੀ ਘਾਟ ਅਤੇ ਅਤਿ-ਆਧੁਨਿਕ ਜੈਮਰ ਲਗਾਉਣ ਲਈ ਸਰਕਾਰ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ।
ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਕੈਦੀ ਮੋਬਾਈਲ ਫ਼ੋਨ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਉਥੇ ਰੋਜ਼ਾਨਾ ਜਾਂਚ ਦੌਰਾਨ ਮੋਬਾਈਲ ਜ਼ਬਤ ਕੀਤੇ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਫਰਵਰੀ ਮਹੀਨੇ ‘ਚ ਜੇਲ ‘ਚੋਂ 50 ਮੋਬਾਇਲ ਫੋਨ ਜ਼ਬਤ ਕੀਤੇ ਜਾ ਚੁੱਕੇ ਹਨ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਮੋਬਾਈਲ ਜੇਲ੍ਹ ਦੇ ਬਾਹਰੋਂ ਸੁੱਟੇ ਜਾ ਰਹੇ ਹਨ। ਗੈਂਗਵਾਰ ਦੀ ਘਟਨਾ ਤੋਂ ਬਾਅਦ ਸੋਮਵਾਰ ਨੂੰ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਦੀ ਜਾਂਚ ਕੀਤੀ ਗਈ ਤਾਂ 10 ਮੋਬਾਈਲ, ਚਾਰ ਹੈੱਡਫੋਨ, ਪੰਜ ਜੁਗਾੜੂ ਚਾਰਜਰ, ਪੰਜ ਡਾਟਾ ਕੇਬਲ, 9 ਸਿਮ ਬਰਾਮਦ ਹੋਏ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਕ ਦੋਸ਼ੀ ਨੂੰ ਨਾਮਜ਼ਦ ਕਰਕੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.