Buland kesari ;- ਗੁਰੂ ਨਾਨਕ ਦੇਵ ਹਸਪਤਾਲ ਵਿਚ ਸ਼ੁੱਕਰਵਾਰ ਰਾਤ ਮਰੀਜ਼ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਡਾਕਟਰਾਂ, ਸਟਾਫ ਨਰਸ ਤੇ ਦਰਜਾ ਚਾਰ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ। ਇਹ ਲੋਕ ਇਕ ਘੰਟੇ ਤੱਕ ਹਸਤਪਾਲ ਵਿਚ ਹੁੱਲ੍ਹੜਬਾਜ਼ੀ ਕਰਦੇ ਰਹੇ। ਡਾਕਟਰਾਂ ਨੂੰ ਗਾਲ੍ਹਾਂ ਕੱਢਦੇ ਰਹੇ। ਪੀਜੀ ਡਾਕਟਰਾਂ ਤੇ ਸਟਾਫ ਨੇ ਇਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਨਹੀਂ ਮੰਨੇ। ਆਖ਼ਰਕਾਰ ਡਾਕਟਰਾਂ ਦਾ ਸਮੂਹ ਥਾਣਾ ਮਜੀਠਾ ਪੁੱਜਾ ਅਤੇ ਸ਼ਿਕਾਇਤ ਦਰਜ ਕਰਨ ਲਈ ਕਿਹਾ ਪਰ ਇਲਜ਼ਾਮ ਹੈ ਕਿ ਪੁਲਿਸ ਨੇ ਇਨ੍ਹਾਂ ਦੀ ਗੱਲ ਨਹੀਂ ਸੁਣੀ।
ਦਰਅਸਲ, ਸ਼ੁੱਕਰਵਾਰ ਨੂੰ ਅਜਨਾਲਾ ਤੋਂ ਦੋ ਮਰੀਜ਼ਾਂ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ। ਇਕ ਮਰੀਜ਼ ਦੇ ਗੋਲ਼ੀ ਲੱਗੀ ਸੀ ਜਦਕਿ ਦੂਜੇ ਦੇ ਪੱਟ ਵਿਚ ਸੱਟ ਲੱਗੀ ਸੀ। ਦੋਵਾਂ ਨੂੰ ਆਰਥੋ ਯੂਨਿਟ ਨੰਬਰ ਦੋ ਵਿਚ ਰਾਤ ਲਗਪਗ 12.30 ਵਜੇ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਵਾਰਡ ਦਾ ਤਾਲਾ ਬੰਦ ਕਰ ਦਿੱਤਾ ਗਿਆ। ਵਾਰਡ ਵਿਚ ਕੰਮ ਕਰ ਰਹੀ ਸਿਸਟਰ ਕਮਲ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਅੱਠ-ਦਸ ਲੋਕ ਵਾਰਡ ਦੇ ਬਾਹਰ ਪੁੱਜੇ ਅਤੇ ਦਰਵਾਜ਼ਾ ਖੜਕਾਉਣ ਲੱਗੇ। ਉਨ੍ਹਾਂ ਨੂੰ ਕਿਹਾ ਗਿਆ ਕਿ ਮਰੀਜ਼ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਹਨ ਤੇ ਤੁਸੀਂ ਕੱਲ੍ਹ ਆਉਣਾ। ਇਸ ’ਤੇ ਇਹ ਲੋਕ ਭੜਕ ਉੱਠੇ ਅਤੇ ਦਰਵਾੜਾ ਭੰਨ੍ਹਣਾ ਸ਼ੁਰੂ ਕਰ ਦਿੱਤਾ। ਇਹ ਲੋਕ ਖ਼ੁਦ ਨੂੰ ਕਾਂਗਰਸ ਦੇ ਆਗੂ ਦੱਸ ਰਹੇ ਸਨ। ਦਰਜਾ ਚਾਰ ਮੁਲਾਜ਼ਮ ਆਇਆ ਤਾਂ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਪਰ ਇਨ੍ਹਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਡਾ. ਸੋਹੇਲ ਹਾਂਡਾ ਮੁਤਾਬਕ, ਇਨ੍ਹਾਂ ਲੋਕਾਂ ਨੇ ਸਟਾਫ ਨੂੰ ਗਾਲ੍ਹਾਂ ਵਗੈਰਾ ਕੱਢੀਆਂ। ਵਿਰੋਧ ਕਰਨ ’ਤੇ ਇਹ ਲੋਕ ਕੁੱਟਮਾਰ ’ਤੇ ਉਤਰ ਆਏ। ਇਨ੍ਹਾਂ ਡਾਕਟਰ ਤੇ ਸਟਾਫ ਨੂੰ ਕਾਲਰ ਤੋਂ ਫੜ ਕੇ ਕੁੱਟਿਆ। ਲਗਪਗ ਇਕ ਘੰਟੇ ਤੱਕ ਇਹ ਲੋਕ ਹੁੱਲ੍ਹੜਬਾਜ਼ੀ ਕਰਦੇ ਰਹੇ। ਪੁਲਿਸ ਕੰਟਰੋਲ ਰੂਪ ਨੂੰ ਫੋਨ ਕੀਤਾ ਗਿਆ। ਇਹ ਲੋਕ ਇੰਨੇ ਹਮਲਾਵਰ ਹੋ ਗਏ ਕਿ ਸਟਾਫ ਨੇ ਖ਼ੁਦ ਨੂੰ ਕਮਰੇ ਵਿਚ ਬੰਦ ਕਰ ਕੇ ਆਪਣੀ ਜਾਨ ਬਚਾਈ। ਇੱਧਰ, ਪੁਲਿਸ ਕਰਮੀ ਇਕ ਘੰਟੇ ਬਾਅਦ ਪੁੱਜੇ। ਉਦੋਂ ਤੱਕ ਇਹ ਲੋਕ ਇੱਥੋਂ ਜਾ ਚੁੱਕੇ ਸਨ। ਇਸ ਤੋਂ ਬਾਅਦ ਡਾਕਟਰਾਂ ਤੇ ਸਟਾਫ ਦਾ ਇਕ ਸਮੂਹ ਥਾਣਾ ਮਜੀਠਾ ਪੁੱਜਾ। ਇੱਥੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਵੱਡੇ ਸਾਹਿਬ ਨੇ ਮਨ੍ਹਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਦਰਜ ਨਾ ਕੀਤੀ ਜਾਵੇ। ਡਾ. ਹਾਂਡਾ ਨੇ ਦੱਸਿਆ ਕਿ ਉਨ੍ਹਾਂ ਘਟਨਾਕ੍ਰਮ ਦੀ ਵੀਡੀਓ ਪੁਲਿਸ ਸਾਹਮਣੇ ਰੱਖੀ ਅਤੇ ਐੱਫਆਈਆਰ ਦਰਜ ਕਰਨ ਲਈ ਕਿਹਾ ਪਰ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਤੁਸੀਂ ਲੋਕ ਇੱਥੋਂ ਜਾਓ, ਨਹੀਂ ਤਾਂ ਸਾਰਿਆਂ ਨੂੰ ਅੰਦਰ ਕਰ ਦਵਾਂਗਾ। ਇਸ ਦੀ ਰਿਕਾਰਡਿੰਗ ਵੀ ਡਾਕਟਰਾਂ ਨੇ ਕਰ ਲਈ। ਥਾਣੇ ਵਿਚ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਸਾਫ਼ ਹੈ ਕਿ ਹਸਪਤਾਲ ਵਿਚ ਹੁੱਲ੍ਹੜਬਾਜ਼ੀ ਕਰਨ ਵਾਲੇ ਸਿਆਸੀ ਸ਼ੈਅ ਪ੍ਰਾਪਤ ਸਨ, ਇਸ ਲਈ ਪੁਲਿਸ ਸੁਣ ਨਹੀਂ ਰਹੀ। ਅਸੀਂ ਪੰਜ ਘੰਟੇ ਥਾਣੇ ਬੈਠੇ ਰਹੇ। ਡਾ. ਹਾਂਡਾ ਨੇ ਦੱਸਿਆ ਇਸ ਘਟਨਾ ਦੀ ਸ਼ਿਕਾਇਤ ਹੁਣ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੂੰ ਦਿੱਤੀ ਗਈ ਹੈ। ਜੇਕਰ ਕਾਰਵਾਈ ਨਾ ਹੋਈ ਤਾਂ ਡਾਕਟਰ ਅਗਲੀ ਰਣਨੀਤੀ ਬਣਾਉਣਗੇ।
ਇਸ ਸਬੰਧ ਵਿਚ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ ਨਿਖੇਧੀਯੋਗ ਹੈ। ਡਾਕਟਰਾਂ ਤੇ ਸਹਿਯੋਗੀ ਸਟਾਫ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਉਨ੍ਹਾਂ ਘਟਨਾ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ਦੀ ਸੁਰੱਖਿਆ ਲਈ ਪ੍ਰਬੰਧ ਸਖ਼ਤ ਕੀਤੇ ਗਏ ਹਨ। ਜਿਹੜੀਆਂ ਘਾਟਾਂ ਹਨ, ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਆਰਐੱਸ ਸੇਠੀ ਨੇ ਕਿਹਾ ਕਿ ਇਹ ਘਟਨਾ ਅਤਿਅੰਤ ਨਿਖੇਧੀਯੋਗ ਹੈ। ਹਸਪਤਾਲ ਪ੍ਰਸ਼ਾਸਨ ਇਸ ’ਤੇ ਸਖ਼ਤ ਐਕਸ਼ਨ ਲਵੇ। ਸਭ ਤੋਂ ਪਹਿਲਾਂ ਹਸਪਤਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ।
ਡਾਕਟਰਾਂ ਨੇ ਸਿਹਤ ਮੰਤਰੀ, ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਨੂੰ ਚਿੱਠੀਆਂ ਲਿਖੀਆਂ ਹਨ। ਡਾਯ ਹਾਂਡਾ ਮੁਤਾਬਕ ਹਸਪਤਾਲ ਵਿਚ ਇਹ ਪਹਿਲੀ ਘਟਨਾ ਨਹੀਂ ਹੈ। ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਇਸ ਤੋਂ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਹਸਪਤਾਲ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਨੂੰ ਦਰਸਾਉਂਦਾ ਹੈ। ਇਸ ਮਾਮਲੇ ਵਿਚ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਦੀ ਤੁਰੰਤ ਰਿਪੋਰਟ ਕੀਤੀ ਜਾਵੇ। ਇਸ ਘਟਨਾ ਤੋਂ ਬਾਅਦ ਆਰਥੋ ਯੂਨਿਟ-2 ਦਾ ਸਟਾਫ ਸਦਮੇ ਵਿਚ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.