Buland Kesari/ ਜਲੰਧਰ ਦਾ ਇੱਕ ਬਦਨਾਮ ਕਾਰ ਏਜੰਟ ਕਾਲੜਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਇਸ ਦਾ ਪਤਾ ਅੱਜ ਉਸ ਸਮੇਂ ਚੱਲਿਆ ਜਦੋਂ ਦਿੱਲੀ ਤੋਂ ਇੱਕ ਪੁਲਿਸ ਪਾਰਟੀ ਜਲੰਧਰ ਵਿਖੇ ਵਾਹਨਾਂ ਦੀਆਂ ਨੰਬਰ ਪਲੇਟਾਂ ਲਾਉਣ ਵਾਲਿਆਂ ਦੀ ਪੁੱਛ ਪੜਤਾਲ ਕਰਦੀ ਦਿਖੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਲੰਧਰ ਦਾ ਬਦਨਾਮ ਕਾਰ ਏਜਟ ਕਾਲੜਾ ਦਿੱਲੀ ਅਤੇ ਹਰਿਆਣਾ ਦੀਆਂ ਚੋਰੀ ਦੀਆਂ ਗੱਡੀਆਂ ਹਿਮਾਚਲ ਅਤੇ ਹਰਿਆਣਾ ਦੀਆਂ ਨੰਬਰ ਪਲੇਟਾਂ ਲਾ ਕੇ ਵੇਚਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਅੜਿਕੇ ਚੜ ਚੁੱਕਿਆ ਹੈ।
ਤਕਰੀਬਨ 10 ਦਿਨ ਪਹਿਲਾਂ ਇਸ ਨੂੰ ਪੁਲਿਸ ਨੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੇ ਖਿਲਾਫ ਦਿੱਲੀ ਦੀ ਕ੍ਰਾਈਮ ਬਰਾਂਚ ਵੱਲੋਂ ਐਫਆਈਆਰ ਵੀ ਦਰਜ ਹੋਈ ਹੈ। ਇਸੇ ਮਾਮਲੇ ਵਿੱਚ ਕਾਲੜੇ ਤੋਂ ਸਖਤ ਪੁੱਛ ਪੜਤਾਲ ਤੋਂ ਬਾਅਦ ਦਿੱਲੀ ਤੋਂ ਅੱਜ ਇੱਕ ਪੁਲਿਸ ਪਾਰਟੀ ਜਲੰਧਰ ਪਹੁੰਚੀ ਅਤੇ ਬੀਐਮਸੀ ਚੌਂਕ ਦੇ ਆਲੇ ਦੁਆਲੇ ਨੰਬਰ ਪਲੇਟਾਂ ਬਣਾਉਣ ਵਾਲਿਆਂ ਤੋਂ ਚੋਰੀ ਦੀਆਂ ਗੱਡੀਆਂ ਤੇ ਲਾਈਆਂ ਗਈਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ ਦਿਖਾ ਕੇ ਪੁੱਛ ਪੜਤਾਲ ਕੀਤੀ।
ਚਰਚਾ ਇਹ ਵੀ ਹੈ ਕਿ ਕਾਲੜੇ ਨੇ ਪੀਬੀ 37 ਅਤੇ ਪੀਬੀ 57 ਸੀਰੀਜ਼ ਦੀਆਂ ਫ਼ਰਜ਼ੀ ਆਰ ਸੀਜ਼ ਤੇ ਉਨ੍ਹਾਂ ਦੀਆਂ ਫਰਜ਼ੀ ਨੰਬਰ ਪਲੇਟਾਂ ਰਾਹੀਂ ਸੈਂਕੜੇ ਚੋਰੀ ਦੀਆਂ ਅਤੇ ਡਿਫਾਲਟਰ ਗੱਡੀਆਂ ਲੋਕਾਂ ਨੂੰ ਵੇਚੀਆਂ ਹਨ। ਜਿਸ ਵਿੱਚ ਸਿੱਧੇ ਤੌਰ ਤੇ ਟਰਾਂਸਪੋਰਟ ਵਿਭਾਗ ਦੇ ਕਈ ਬਾਬੂ ਵੀ ਸ਼ਾਮਿਲ ਹਨ। ਜਿਨਾਂ ਨੇ ਕਾਲੜੇ ਰਾਹੀਂ ਮੋਟੇ ਗੱਫੇ ਕਮਾਏ ਹਨ।
ਸੂਤਰਾਂ ਮੁਤਾਬਿਕ ਜੇਕਰ ਪੰਜਾਬ ਸਰਕਾਰ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੀ ਹੈ ਤਾਂ ਪੰਜਾਬ ਵਿੱਚ ਚੋਰੀ ਦੀ ਗੱਡੀਆਂ ਦਾ ਇੱਕ ਵੱਡਾ ਰੈਕਟ ਨੰਗਾ ਹੋ ਸਕਦਾ ਹੈ ਪਰ ਇਸ ਦੇ ਲਈ ਪੰਜਾਬ ਸਰਕਾਰ ਨੂੰ ਇਮਾਨਦਾਰ ਅਫਸਰਾਂ ਦੀ ਇੱਕ ਸਿੱਟ ਬਣਾ ਕੇ ਸਖਤੀ ਨਾਲ ਅਤੇ ਫਾਸਟ ਟਰੈਕ ਜਾਂਚ ਕਰਵਾਉਣੀ ਚਾਹੀਦੀ ਹੈ। ਕਿਉਂਕਿ ਸੂਤਰ ਦੱਸਦੇ ਹਨ ਕਿ ਕਾਲੜੇ ਦੀ ਕਈ ਅਫਸਰਾਂ ਨਾਲ ਚੰਗੀ ਗੰਢ ਧੁੱਪ ਹੈ ਕਾਲੜਾ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਸਸਤੇ ਭਾਅ ਦਵਾਉਂਦਾ ਹੈ ਅਤੇ ਉਹ ਅਫਸਰ ਇਸਦੀ ਪੁਸ਼ਤ ਪਨਾਹ ਕਰਦੇ ਹਨ।
ਉਧਰ ਪਤਾ ਇਹ ਵੀ ਲੱਗਿਆ ਹੈ ਕਿ ਕਾਲੜੇ ਵੱਲੋਂ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਡੈਮੇਜ ਪੁਰਾਣੀਆਂ ਗੱਡੀਆਂ ਤੋਂ ਛੋਟੇ ਫੈਂਸੀ ਨੰਬਰ ਉਤਾਰ ਕੇ ਗ੍ਰਾਹਕਾਂ ਨੂੰ ਲੱਖਾਂ ਰੁਪਏ ਵਿੱਚ ਵੇਚੇ ਗਏ ਹਨ। ਗ੍ਰਾਹਕਾਂ ਨੂੰ ਇਹ ਅਸ਼ਵਾਸਨ ਦਿੱਤਾ ਗਿਆ ਕਿ ਤੁਹਾਨੂੰ ਕੋਈ ਵੀ ਰੋਕ ਟੋਕ ਨਹੀਂ ਹੋਵੇਗੀ। ਜਿਵੇਂ ਮਰਜ਼ੀ ਇਹਨਾਂ ਨੰਬਰਾਂ ਦਾ ਇਸਤੇਮਾਲ ਕਰੋ।
ਕਾਲੜੇ ਤੋਂ ਮਹਿੰਗੇ ਨੰਬਰ ਖਰੀਦ ਕੇ ਸ਼ਹਿਰ ਦੇ ਕਈ ਸ਼ਾਹੂਕਾਰ ਆਪਣੀਆਂ ਮਹਿੰਗੀਆਂ ਗੱਡੀਆਂ ਵਿੱਚ ਲਗਾ ਕੇ ਅਜੇ ਵੀ ਘੁੰਮਦੇ ਦਿਖਾਈ ਦਿੰਦੇ ਹਨ। ਜਦਕਿ ਪੰਜਾਬ ਸਰਕਾਰ ਨੇ ਸਖਤ ਆਦੇਸ਼ ਜਾਰੀ ਕਰਕੇ ਇਹਨਾਂ ਛੋਟੇ ਫੈਂਸੀ ਨੰਬਰਾਂ ‘ਤੇ ਪੂਰਨ ਪਾਬੰਦੀ ਲਗਾਈ ਹੋਈ ਹੈ।
ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਖੜੇ ਨਜ਼ਰ ਆਉਂਦੇ ਹਨ ਜੋ ਕਿ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਅਸਫਲ ਦਿਖਾਈ ਦੇ ਰਹੇ ਹਨ।
ਸਾਡੀ ਕੋਸ਼ਿਸ਼ ਜਾਰੀ ਹੈ ਕਿ ਕਾਲੜੇ ਖਿਲਾਫ ਦਰਜ ਹੋਈ ਐਫਆਈਆਰ ਦੀ ਕਾਪੀ ਵੀ ਮੁਹਈਆ ਕਰਾ ਕੇ ਪਾਠਕਾਂ ਅੱਗੇ ਰੱਖੀ ਜਾਵੇ ਤਾਂ ਕਿ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਜਲੰਧਰ ਸ਼ਹਿਰ ਦਾ ਇਹ ਮਸ਼ਹੂਰ ਠੱਗ ਕਾਲੜਾ ਲੋਕਾਂ ਨੂੰ ਚੋਰੀ ਦੀਆਂ ਕਾਰਾਂ ਵੇਚ ਕੇ ਉਹਨਾਂ ਦੀਆਂ ਫਰਜ਼ੀ ਆਰਸੀਆਂ ਅਤੇ ਫਰਜ਼ੀ ਨੰਬਰ ਪਲੇਟਾਂ ਬਣਾ ਕੇ ਕਿਵੇਂ ਠੱਗ ਰਿਹਾ ਹੈ।
ਚਰਚਾ ਇਹ ਵੀ ਹੈ ਕਿ ਕਾਲੜੇ ਦੇ ਗਡਾਊਨ ‘ਚ ਵਿੱਚ ਖੜੀਆਂ ਦਰਜਨਾਂ ਗੱਡੀਆਂ ਦਿੱਲੀ ਪੁਲਿਸ ਨੇ ਜਬਤ ਕਰ ਲਈਆਂ ਹਨ ਅਤੇ ਜਲਦ ਹੀ ਉਹਨਾਂ ਲੋਕਾਂ ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਕਾਲੜੇ ਤੋਂ ਗੱਡੀਆਂ ਖਰੀਦੀਆਂ ਸਨ ਅਤੇ ਜੇ ਉਹ ਗੱਡੀਆਂ ਚੋਰੀ ਦੀਆਂ ਨਿਕਲੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









