ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਦੇ ਜਥੇ ਨਹੀਂ ਕਰ ਸਕਣਗੇ ਸੰਗਤ ਵਿੱਚ ਕੀਰਤਨ, ਗੁਰਮਤਿ ਦੀ ਸਿੱਖਿਆ ਲੈਣ ਅਤੇ ਲੰਗਰ ਹਾਲ ਵਿੱਚ ਸੇਵਾ ਕਰਨ ਦੇ ਵੀ ਆਦੇਸ਼
Buland Kesari/ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਪ੍ਰਮੁੱਖ ਕੀਰਤਨੀ ਜਥਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇੱਕ ਮਹੀਨੇ ਲਈ ਸੰਗਤ ਵਿੱਚ ਗੁਰਬਾਣੀ ਕੀਰਤਨ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਦੇ ਜਥਿਆਂ ਵਿਚਕਾਰ ਚੱਲ ਰਹੇ ਵਿਵਾਦ ਅਤੇ ਸੋਸ਼ਲ ਮੀਡੀਆ ‘ਤੇ ਹੋਈ ਬਿਆਨਬਾਜ਼ੀ ਤੋਂ ਬਾਅਦ ਲਿਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਜਾਰੀ ਹਦਾਇਤਾਂ ਤਹਿਤ ਦੋਵਾਂ ਜਥਿਆਂ ‘ਤੇ ਇਹ ਰੋਕ 13 ਨਵੰਬਰ ਤੋਂ 12 ਦਸੰਬਰ 2026 ਤੱਕ ਲਾਗੂ ਰਹੇਗੀ।
ਕੀਰਤਨ ਦੀ ਐਂਟਰੀ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ
ਜਾਣਕਾਰੀ ਅਨੁਸਾਰ, ਦੋਵਾਂ ਜਥਿਆਂ ਵਿਚਕਾਰ ਵਿਵਾਦ ਦੀ ਚਰਚਾ ਉਸ ਸਮੇਂ ਵਧੀ ਜਦੋਂ ਫਗਵਾੜਾ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਕੀਰਤਨ ਕਰਨ ਅਤੇ ਦੀਵਾਨ ਹਾਲ ਵਿੱਚ ਐਂਟਰੀ ਨੂੰ ਲੈ ਕੇ ਤਕਰਾਰ ਹੋਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਆਪਣਾ-ਆਪਣਾ ਪੱਖ ਰੱਖਿਆ ਗਿਆ ਅਤੇ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ। ਇਸ ਮਾਮਲੇ ਸਬੰਧੀ ਸੰਗਤ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ।
ਇੱਕ ਮਹੀਨਾ ਗੁਰਮਤਿ ਦੀ ਸਿੱਖਿਆ ਲੈਣ ਦੇ ਆਦੇਸ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਭਾਈ ਜਗਜੀਤ ਸਿੰਘ ਬਬੀਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਨਗੇ, ਜਦਕਿ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਲੈਣਗੇ।
ਇਸ ਦੇ ਨਾਲ ਹੀ ਦੋਵਾਂ ਨੂੰ ਸਵੇਰੇ ਅਤੇ ਸ਼ਾਮ ਆਪਣੇ-ਆਪਣੇ ਅਦਾਰਿਆਂ ਦੇ ਲੰਗਰ ਹਾਲ ਵਿੱਚ ਸੇਵਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ, ਤਾਂ ਜੋ ਉਨ੍ਹਾਂ ਦੇ ਜੀਵਨ ਵਿੱਚ ਨਿਮਰਤਾ ਅਤੇ ਸੇਵਾ ਭਾਵਨਾ ਹੋਰ ਮਜ਼ਬੂਤ ਹੋ ਸਕੇ।
ਇੱਕ ਮਹੀਨੇ ਬਾਅਦ ਸਕੱਤਰੇਤ ਵਿੱਚ ਹੋਣਾ ਪਵੇਗਾ ਪੇਸ਼
ਆਦੇਸ਼ਾਂ ਅਨੁਸਾਰ ਇੱਕ ਮਹੀਨੇ ਦੀ ਸਿੱਖਿਆ ਅਤੇ ਸੇਵਾ ਪੂਰੀ ਕਰਨ ਤੋਂ ਬਾਅਦ ਦੋਵਾਂ ਕੀਰਤਨੀ ਜਥਿਆਂ ਦੇ ਮੁਖੀਆਂ ਨੂੰ ਸਬੰਧਤ ਸੰਸਥਾਵਾਂ ਤੋਂ ਪ੍ਰਮਾਣ ਪੱਤਰ ਲੈ ਕੇ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣਾ ਪਵੇਗਾ।
ਸਕੱਤਰੇਤ ਵੱਲੋਂ ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਦਾਤ ਹੈ ਅਤੇ ਇਹ ਰੂਹ ਦੀ ਖੁਰਾਕ ਹੈ। ਕੀਰਤਨ ਕਰਨ ਵਾਲੇ ਵਿਅਕਤੀ ਵਿੱਚ ਨਿਮਰਤਾ, ਗੁਰੂ ਪ੍ਰਤੀ ਸ਼ਰਧਾ, ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ ਅਤੇ ਗੁਰਮਤਿ ਸੰਗੀਤ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।
ਸਕੱਤਰੇਤ ਨੇ ਦੋਵਾਂ ਜਥਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਆਪਸੀ ਬਿਆਨਬਾਜ਼ੀ ਨੂੰ ਗੁਰਬਾਣੀ ਕੀਰਤਨ ਦੀ ਮਰਯਾਦਾ ਦੇ ਉਲਟ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਵਿਹਾਰ ਨਾਲ ਪੁਰਾਤਨ ਕੀਰਤਨੀਆਂ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਫ਼ੈਸਲੇ ਤੋਂ ਬਾਅਦ ਧਾਰਮਿਕ ਹਲਕਿਆਂ ਵਿੱਚ ਇਸ ਮਾਮਲੇ ਦੀ ਚਰਚਾ ਤੇਜ਼ ਹੋ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇੱਕ ਮਹੀਨੇ ਦੀ ਸਿੱਖਿਆ ਅਤੇ ਸੇਵਾ ਤੋਂ ਬਾਅਦ ਦੋਵੇਂ ਜਥੇ ਕਿਹੜੇ ਰੁਖ਼ ਨਾਲ ਮੁੜ ਸੰਗਤ ਵਿੱਚ ਹਾਜ਼ਰੀ ਭਰਦੇ ਹਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.










