ਜਲੰਧਰ, 18 ਅਪ੍ਰੈਲ (ਬੁਲੰਦ ਕੇਸਰੀ): ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੰਡ ਪਾਊ ਸਿਆਸਤ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਸੂਬੇ ਵਿਚ ਪ੍ਰਭਾਵਸ਼ਾਲੀ ਬਦਲਾਅ ਲਿਆ ਸਕਦਾ ਹੈ।
ਜ਼ਿਲ੍ਹਾ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜਲੰਧਰ ਨੇ ਪਹਿਲਾਂ ਕਾਂਗਰਸ ਤੇ ਫਿਰ ਆਪ ਸਰਕਾਰ ਵਿਚ ਬਹੁਤ ਸੰਤਾਪ ਹੰਢਾਇਆ ਹੈ। ਦੋਵੇਂ ਸਰਕਾਰਾਂ ਕੇਂਦਰੀ ਸਕੀਮਾਂ ਦਾ ਲਾਭ ਲੈਣ ਅਤੇ ਜ਼ਿਲ੍ਹਾ ਹਸਪਤਾਲ ਨੂੰ ਮੈਡੀਕਲ ਕਾਲਜ ਵਿਚ ਤਬਦੀਲ ਕਰਨ ਵਿਚ ਨਾਕਾਮ ਰਹੀਆਂ ਹਨ। ਉਹਨਾਂ ਕਿਹਾ ਕਿ ਸ਼ਹਿਰੀ ਬੁਨਿਆਦੀ ਢਾਂਚਾ ਦਾ ਬਹੁਤ ਮਾੜਾ ਹੈ। ਕੱਲ੍ਹ ਹੀ ਉਹ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਇਕ ਘੰਟੇ ਤੱਕ ਫਸੇ ਰਹੇ।
ਡਾ. ਸੁੱਖੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਭਲਾਈ ਸਕੀਮਾਂ ਠੱਪ ਹੋ ਗਈਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਅਕਾਲੀ ਦਲ ਵੱਲੋਂ ਦਿੱਤੀਆਂ ਜਾ ਰਹੀਆਂ 200 ਯੂਨਿਟ ਮੁਫਤ ਬਿਜਲੀ ਦੀਆਂ ਯੂਨਿਟਾਂ ਨੂੰ ਵਧਾ ਕੇ 300 ਤਾਂ ਕਰ ਦਿੱਤਾ ਹੈ ਪਰ ਇਸਦੇ ਬਦਲੇ ਵਿਚ ਪੰਜਾਬੀਆਂ ਨੂੰ ਮਿਲ ਰਹੇ ਭਲਾਈ ਲਾਭ ਖਤਮ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਵਿਚ ਹੁਣ ਦਾਲਾਂ ਨਹੀਂ ਦਿੱਤੀਆਂ ਜਾ ਰਹੀਆਂ। ਇਕ ਲੱਖ ਤੋਂ ਜ਼ਿਆਦਾ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਆਯੁਸ਼ਮਾਨ ਸਿਹਤ ਕਾਰਡ ਜੋ ਕਾਂਗਰਸ ਪਾਰਟੀ ਨੇ ਬੰਦ ਕਰ ਦਿੱਤੇ ਸਨ, ਉਹ ਮੁੜ ਸ਼ੁਰੂ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਸੂਬੇ ਵਿਚ ਸਾਰੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਾ ਰਿਹਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਕੱਲ੍ਹ ਆਪ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਚੋਣ ਜ਼ਾਬਤੇ ਦੀ ਬੁਰੀ ਤਰ੍ਹਾਂ ਉਲੰਘਣਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਹ ਸ਼ਹਿਰ ਵਿਚ ਗੈਰ ਕਾਨੂੰਨੀ ਹੋਰਡਿੰਗ ਲਗਾਉਣ ਸਮੇਤ ਹੋਰ ਉਲੰਘਣਾਵਾਂ ਦਾ ਤੁਰੰਤ ਨੋਟਿਸ ਲੈਂਦਾ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਡਾ. ਸੁੱਖੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵੇਲੇਆਪ ਨਾਲ ਆਉਣਾ ਸੀ ਪਰ ਉਹਨਾਂ ਨੂੰ ਮੁਹਾਲੀ ਵਿਚ ਦਾਖਲ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਤਾ ਲੈਣ ਜਾਣਾ ਪਿਆ।
ਬਸਪਾ ਦੇ ਸੂਬਾ ਪ੍ਰਧਾਨ ਸਰਦਾਸਰ ਜਸਬੀਰ ਸਿੰਘ ਗੜ੍ਹੀ ਨੇ ਇਸ ਮੌਕੇ ਕਿਹਾ ਕਿ ਆਪ ਸਰਕਾਰ ਬਾਬਰਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਵਿਰਾਸਤ ਨੂੰ ਰੋਲ ਰਹੀ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੀ ਜਯੰਤੀ ’ਤੇ ਕੋਈ ਸਰਕਾਰੀ ਸਮਾਗਮ ਨਹੀ਼ ਕੀਤਾ ਗਿਆ ਤੇ ਉਹਨਾਂ ਨਾਲ ਜੁੜੇ ਇਤਿਹਾਸਕ ਅਸਥਾਨ ਖੁਰਾਲਗੜ੍ਹ ਸਾਹਿਬ ਨੂੰ ਵੀ ਵਿਕਸਤ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਸੀਨੀਅਰ ਬਸਪਾ ਆਗੂ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਲੈ ਕਿਹਾ ਕਿ ਪਿਛਲੇ 9 ਸਾਲਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਸਮਾਜ ਦੇ ਘੱਟ ਗਿਣਤੀ ਤੇ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਭਾਜਪਾ ਤੇ ਆਪ ਰਲ ਕੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਅਜਨਾਲਾ ਘਟਨਾ ਮਗਰੋਂ ਨਿਰਦੋਸ਼ ਸਿੱਖ ਨੌਜਵਾਨਾਂ ਖਿਲਾਫ ਐਨ ਐਸ ਏ ਲਗਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਕੱਲਾ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਹੈ ਜੋ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਕੰਮ ਕਰ ਰਿਹਾਹੈ।
ਇਸ ਮੌਕੇ ਸੀਨੀਅਰ ਆਗੂ ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਨਛੱਤਰਪਾਲ, ਸ੍ਰੀ ਬਲਦੇਵ ਖਹਿਰਾ, ਗੁਰਲਾਲ ਸੈਲਾ, ਬਲਵਿੰਦਰ ਕੁਮਾਰ ਅਤੇ ਐਡਵੋਕੇਟ ਅਰਸ਼ਦੀਪ ਕਲੇਰ ਵੀ ਮੌਜੂਦ ਸਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.