(ਅੰਮ੍ਰਿਤਸਰ ਸਾਹਿਬ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜਮਹੂਰੀਅਤ ਵਿਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹਨ,ਉਨਾ ਨਾਲ ਸਰਕਾਰੀ ਜਬਰ ਅਤੇ ਨਜਾਇਜ਼ ਹਿਰਾਸਤਾਂ ਦਾ ਅਮਲ ਅਪਨਾਉਣ ਤੋਂ ਸਰਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬੜੇ ਸੰਤਾਪ ਹੰਢਾਏ ਹਨ ਅਤੇ ਹੁਣ ਚੰਗੇਰੇ ਭਵਿੱਖ ਵੱਲ ਤੁਰਨ ਦੀ ਲੋੜ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੇ ਚੇਤਿਆਂ ਵਿਚ ਅਤੀਤ ਦੀਆਂ ਹਕੂਮਤਾਂ ਦੇ ਜਬਰ ਦੇ ਡੂੰਘੇ ਜ਼ਖ਼ਮ ਮੌਜੂਦ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਹੀਂ ਅਪਨਾਈ। ਉਨ੍ਹਾਂ ਕਿਹਾ ਕਿ ਇਸ ਸੰਦਰਭ ਨੂੰ ਅਣਡਿੱਠ ਨਹੀੰ ਕੀਤਾ ਜਾ ਸਕਦਾ ਕਿ ਸਿੱਖ ਨੌਜਵਾਨ ਮਾਨਸਿਕਤਾ ਅੰਦਰ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਵਿਤਕਰੇਬਾਜ਼ੀਆਂ ਤੇ ਵਧੀਕੀਆਂ ਦੇ ਖਿਲਾਫ ਡਾਢਾ ਅਸੰਤੋਸ਼ ਮੌਜੂਦ ਹੈ ਪਰ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਨ੍ਹਾਂ ਨੂੰ ਦਿਸ਼ਾਹੀਣ ਕਰਨ ਅਤੇ ਬਲੀ ਦੇ ਬੱਕਰੇ ਬਣਾਉਣ ਲਈ ਵੀ ਵੱਡੀਆਂ ਸ਼ਕਤੀਆਂ ਲਗਾਤਾਰ ਮੌਕੇ ਦੀ ਤਾਕ ਵਿਚ ਰਹਿੰਦੀਆਂ ਹਨ।
ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਟਕਰਾਅ ਦਾ ਰਾਹ ਅਪਨਾਉਣ ਦੀ ਬਜਾਇ ਆਪਣੇ ਬੌਧਿਕ ਤੇ ਅਕਾਦਮਿਕ ਕਾਇਆ-ਕਲਪ ਵਾਲੇ ਰਾਹ ‘ਤੇ ਤੁਰਨ ਦੀ ਸਲਾਹ ਦਿੰਦਿਆਂ ਕੌਮ ਦੇ ਸੁਨਹਿਰੇ ਭਵਿੱਖ ਨੂੰ ਸੰਭਾਲਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀਆਂ ਸਥਾਪਤੀਆਂ ਦੀ ਵਿਉਂਤਬੰਦੀ ਬੜੀ ਜ਼ਹੀਨ ਹੁੰਦੀ ਹੈ, ਜਿਸ ਕਰਕੇ ਨੌਜਵਾਨਾਂ ਨੂੰ ਕਿਸੇ ਵੀ ਅਜਿਹੇ ਬਹਿਕਾਵੇ ਵਿਚ ਆਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ, ਜਿਸ ਨਾਲ ਸਰਕਾਰਾਂ ਨੂੰ ਸਿੱਖ ਨੌਜਵਾਨੀ ਦਾ ਦਮਨ ਕਰਨ ਦਾ ਮੌਕਾ ਮਿਲਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਸਿੱਖਾਂ ਨੂੰ ਧਾਰਮਿਕ ਤੇ ਰਾਜਨੀਤਕ ਤੌਰ ‘ਤੇ ਕਮਜ਼ੋਰ ਕਰਨ ਦੀ ਨੀਤੀ ਸਿੱਖਾਂ ਅੰਦਰ ਖਲਾਅ ਤੇ ਬੇਚੈਨੀ ਪੈਦਾ ਕਰਦੀ ਹੈ ਅਤੇ ਇਹ ਅਮਲ ਨਾ ਤਾਂ ਸਰਕਾਰਾਂ ਦੇ ਅਤੇ ਨਾ ਹੀ ਪੰਜਾਬ ਦੇ ਹਿਤ ਵਿਚ ਹੈ। ਇਸ ਬਾਰੇ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਅੰਦਰ ਇਸ ਦੇਸ਼ ਵਿਚ ਅਲਹਿਦਗੀ ਦਾ ਅਹਿਸਾਸ ਭਰਨ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਸਿਆਸੀ ਵਿਤਕਰਿਆਂ ਨੇ ਵੱਡੀ ਭੂਮਿਕਾ ਨਿਭਾਈ ਹੈ ਪਰ ਅੱਜ ਸਮਾਂ ਮੰਗ ਕਰ ਰਿਹਾ ਹੈ ਕਿ ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਸਰਕਾਰਾਂ ਦੁਆਰਾ ਸਿੱਖਾਂ ਦੇ ਚਿਰੋਕਣੇ ਧਾਰਮਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਦਾ ਸਰਲੀਕਰਨ ਕਰਕੇ ਸਿੱਖਾਂ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਖਤਮ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਿਆਸਤ ਤੇ ਸੱਤਾ ਦੇ ਹਿਤਾਂ ਨੂੰ ਪੂਰਨ ਲਈ ਅੱਜ ਦੀਆਂ ਸਰਕਾਰਾਂ ਨੂੰ ਘੱਟ-ਗਿਣਤੀਆਂ ਦੇ ਨੌਜਵਾਨਾਂ ਵਿਚ ਦਹਿਸ਼ਤ, ਡਰ ਅਤੇ ਬੇਗਾਨਗੀ ਦਾ ਅਹਿਸਾਸ ਭਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਨਿਆਂਕਾਰੀ ਰਾਜ ਧਰਮ ਨੂੰ ਨਿਭਾਉਣਾ ਚਾਹੀਦਾ ਹੈ। ਜਾਰੀ ਕਰਤਾ – ਨਿਜੀ ਸਹਾਇਕ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ।ਸਕਤਰੇਤ, ਸ੍ਰੀ ਅਕਾਲ ਤਖਤ ਸਾਹਿਬ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.