Buland kesari/ਜਲੰਧਰ: Jalandhar ਨਾਰਥ ਹਲਕੇ ਦੇ ਗੁਰੂ ਅਮਰਦਾਸ ਨਗਰ ਵਿੱਚ ਬੀਤੀ ਰਾਤ ਇਕ ਨਿੱਜੀ ਪ੍ਰੋਗਰਾਮ ਲਈ ਮੁੱਖ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੜਕ ‘ਤੇ ਟੈਂਟ ਲਗਾ ਕੇ ਰਸਤਾ ਰੋਕ ਦਿੱਤਾ ਗਿਆ, ਜਿਸ ਨਾਲ ਕਾਲੀਆ ਕਲੋਨੀ ਫੇਸ-2 ਸਮੇਤ ਨੇੜਲੇ ਕਈ ਇਲਾਕਿਆਂ ਦੇ ਲੋਕਾਂ ਨੂੰ ਆਪਣੀਆਂ ਗੱਡੀਆਂ ਵਾਪਸ ਮੋੜਨੀਆਂ ਪਈਆਂ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਮੁੱਖ ਸੜਕ ਹੈ ਅਤੇ ਇੱਥੇ ਇਸ ਤਰ੍ਹਾਂ ਪ੍ਰੋਗਰਾਮ ਕਰਨਾ ਸਿੱਧਾ-ਸਿੱਧਾ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾਉਣ ਦੇ ਬਰਾਬਰ ਹੈ। ਰਾਤ ਦੇ ਸਮੇਂ ਕਈ ਲੋਕ ਆਪਣੇ ਕੰਮ ਤੋਂ ਘਰ ਵਾਪਸ ਆ ਰਹੇ ਸਨ ਪਰ ਸੜਕ ਬੰਦ ਹੋਣ ਕਰਕੇ ਉਨ੍ਹਾਂ ਨੂੰ ਲੰਮੇ ਚੱਕਰ ਲਾ ਕੇ ਘਰ ਪਹੁੰਚਣਾ ਪਿਆ।
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ‘ਤੇ ਇੰਨਾ ਵੱਡਾ ਟੈਂਟ ਲੱਗਿਆ ਹੋਇਆ ਸੀ ਤਾਂ ਨਗਰ ਨਿਗਮ ਦੇ ਕੌਂਸਲਰ, ਹਲਕਾ MLA ਅਤੇ ਥਾਣਾ ਨੰਬਰ-1 ਦੀ ਪੁਲਿਸ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਕਿਉਂ ਨਹੀਂ ਸੀ?
ਸਥਾਨਕ ਵਸਨੀਕਾਂ ਨੇ ਪੁੱਛਿਆ ਕਿ ਕੀ ਹੁਣ ਸ਼ਹਿਰ ਦੀਆਂ ਮੁੱਖ ਸੜਕਾਂ ਵੀ ਨਿੱਜੀ ਪ੍ਰੋਗਰਾਮਾਂ ਲਈ ਬੰਦ ਕੀਤੀਆਂ ਜਾਣਗੀਆਂ? ਜੇਕਰ ਕਿਸੇ ਐਮਰਜੈਂਸੀ ਦੌਰਾਨ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਨੂੰ ਜਾਣਾ ਪੈਂਦਾ ਤਾਂ ਉਸਦੀ ਜ਼ਿੰਮੇਵਾਰੀ ਕੌਣ ਲੈਂਦਾ?
ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ‘ਤੇ ਟੈਂਟ ਲਗਾ ਕੇ ਆਵਾਜਾਈ ਰੋਕਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਪੱਕੇ ਇੰਤਜ਼ਾਮ ਕੀਤੇ ਜਾਣ।
ਇਲਾਕੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਲੋਕ ਵੱਡਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਸਕਦੇ ਹਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







