Buland kesari /Firing at Travel Agent’s House: ਪੰਜਾਬ ਵਿੱਚ ਗੋਲੀਬਾਰੀ ਅਤੇ ਕਤਲੋਗਾਰਦ ਆਮ ਜਿਹੀ ਗੱਲ ਹੋ ਚੁੱਕੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਸਠਿਆਲੀ ਵਿੱਚ ਮੰਗਲਵਾਰ ਦੀ ਰਾਤ 11 ਵਜੇ ਦੇ ਕਰੀਬ 3 ਅਣਪਛਾਤੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਦੇ ਘਰ ‘ਤੇ ਤਾਬੜਤੋੜ ਗੋਲੀਆਂ ਚਲਾਈਆਂ।
ਗਨੀਮਤ ਰਹੀ ਕਿ ਇਸ ਗੋਲੀਬਾਰੀ ਵਿੱਚ ਪਰਿਵਾਰ ਦੇ ਕਿਸੇ ਜੀਅ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਪਰਿਵਾਰਕ ਮੈਂਬਰਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਪਰ ਪਰਿਵਾਰ ‘ਤੇ ਹੋਏ ਇਸ ਜਾਨਲੇਲਾ ਹਮਲੇ ਕਾਰਨ ਜਿੱਥੇ ਪਰਿਵਾਰ ਦੇ ਜੀਅ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਇਸ ਘਟਨਾ ਮਗਰੋਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇੱਕਠੇ ਹੋਏ ਤੇ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਪੁਲਿਸ ਦੇ ਜਾਣ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ 11 ਵਜੇ ਦੇ ਕਰੀਬ ਮੋਟਰਸਾਈਕਲ ‘ਤੇ ਸਵਾਰ ਹੋਕੇ ਆਏ 3 ਨੌਜਵਾਨ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀ ਉਨ੍ਹਾਂ ਨੇ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਸੂਰਜ ਮਸੀਬ ਪੁੱਤਰ ਮਨੋਹਰ ਮਸੀਹ ਦੇ ਘਰ ਦੇ ਗੇਟ ਅਤੇ ਘਰ ਦੇ ਉੱਪਰਲੀ ਮੰਜਲ ਉੱਪਰ ਬਣੀ ਰਸੋਈ ‘ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਇਲਾਵਾ ਹੋਰ ਵੀ ਕਈ ਹਵਾਈ ਫਾਇਰਿੰਗ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ।
ਘਰ ‘ਚ ਨਹੀਂ ਸੀ ਸੂਰਜ ਮਸੀਹ, ਪਤਨੀ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਹਮਲੇ ਸਮੇਂ ਸੂਰਜ ਮਸੀਹ ਘਰ ‘ਚ ਨਹੀਂ ਸੀ ਉਸ ਦੀ ਘਰਵਾਲੀ ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਪਤੀ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਅਤੇ ਮੰਗਲਵਾਰ ਦੀ ਰਾਤ 11 ਵਜੇ ਦੇ ਘਰ ਉਹ ਆਪਣੀ ਛੋਟੀ ਬੱਚੀ ਅਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਅਜੇ ਗੱਲਾਂ ਕਰ ਰਹੀ ਸੀ ਤਾਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ। ਜਿਸ ਮਗਰੋਂ ਉਸ ਨੇ ਦੇਖਿਆ ਕਿ 3 ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਸੀ ਅਤੇ ਉਨ੍ਹਾਂ ਨੇ ਮੂੰਹ ‘ਤੇ ਕਪੜਾ ਬੰਨ੍ਹਿਆ ਹੋਇਆ ਸੀ। ਗੋਲੀਆਂ ਚਲਾਉਣ ਮਗਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਸ਼ਿਵਾਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ, ਪਰ ਕੁਝ ਦਿਨ ਪਹਿਲਾਂ ਵੀ ਏਦਾਂ ਹੀ ਉਨ੍ਹਾਂ ਨੂੰ ਘਰ ਦੇ ਨੇੜੇ ਫਾਇਰਿੰਗ ਹੋਣ ਦਾ ਪਤਾ ਚੱਲਿਆ ਸੀ। ਪਿੰਡ ਦੇ ਕੁਝ ਨੌਜਵਾਨਾਂ ਨੇ ਵੀ ਉਸ ਦਿਨ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਸੀ।
ਸ਼ਿਵਾਨੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਟਰੈਵਲ ਏਜੈਂਟ ਅਤੇ ਇਮੀਗ੍ਰੇਸ਼ਨ ਦਾ ਕੰਮ ਹੋਣ ਕਰਕੇ ਸੂਰਜ ਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇ। ਇਸ ਮੌਕੇ ਪਿੰਡ ਦੇ ਸਰਪੰਚ ਬਿਕਰਮ ਸਿੰਘ ਅਤੇ ਮੁਹਤਬਰ ਰਮੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਆਸ਼ੀਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਕਾਰ ‘ਤੇ ਇਹਨਾਂ ਹਮਲਾਵਰਾਂ ਦਾ ਸ੍ਰੀ ਹਰਗੋਬਿੰਦਪੁਰ ਰੋਡ ਤੱਕ ਪਿੱਛਾ ਕੀਤਾ। ਹਮਲਾਵਰ ਆਦਰਸ਼ ਸਕੂਲ ਕੋਟ ਧੰਦਲ ਵੱਲ ਨੂੰ ਹੁੰਦੇ ਹੋਏ ਸੂਏ ਦੇ ਕੰਢੇ ਕਾਦੀਆਂ ਵੱਲ ਨੂੰ ਫਰਾਰ ਹੋ ਗਏ। ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਦਰਸ਼ ਸਕੂਲ ਕੋਲ ਇਨ੍ਹਾਂ ਵਿੱਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਵੱਲ ਵੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹ ਵਾਪਸ ਪਿੰਡ ਪਰਤ ਆਏ।
ਪੁਲਿਸ ਨੂੰ ਮੌਕੇ ਤੋਂ ਕੁਝ ਚਲੇ ਹੋਈ ਕਾਰਤੂਸ ਤੇ ਕੁਝ ਜਿੰਦਾ ਕਾਰਤੂਸ ਮਿਲੇ
ਇਸ ਦੌਰਾਨ ਪਿੰਡ ਵਿੱਚ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸੂਰਜ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਹੋ ਸਕਦਾ ਹੈ ਕਿਸੇ ਨੇ ਕੋਈ ਦੁਸ਼ਮਣੀ ਕੱਢੀ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਨਾਕਾਬੰਦੀ ਤੋਂ ਇਲਾਵਾ ਗਸ਼ਤ ਵਧਾ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਸਠਿਆਲੀ ਅੱਡੇ ‘ਤੇ ਕੁਝ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਅਤੇ ਨਾਲ ਲੱਗਦੇ ਨਹਿਰ ਕੋਲ ਰਹਿੰਦੇ ਇੱਕ ਪਰਿਵਾਰ ਦੇ ਨੌਜਵਾਨ ਤੋਂ ਵੀ ਮੋਟਰਸਾਈਕਲ ਖੋਹਣ ਦੀ ਘਟਨਾ ਹੋਈ ਸੀ। ਇਸ ਦੌਰਾਨ ਨੌਜਵਾਨ ‘ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਗੰਭੀਰ ਜ਼ਖਮੀ ਕਰ ਦਿੱਤਾ ਸੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









