Buland kesari/ਪੰਜਾਬ ਵਿੱਚ ਆਏ ਹੜਾਂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਮੁਸੀਬਤ ਭਰੇ ਸਮੇਂ ਵਿੱਚ ਮਸ਼ਹੂਰ ਗਾਇਕ ਮਲਕੀਤ ਸਿੰਘ ਨੇ ਇੱਕ ਭਾਵੁਕ ਸੰਦੇਸ਼ ਦੇ ਕੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘੜੀ ਸਿਆਸਤ ਕਰਨ ਦੀ ਨਹੀਂ, ਸੇਵਾ ਕਰਨ ਦੀ ਹੈ।
ਮਲਕੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ। ਕਈ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਹਨ। ਘਰ, ਖੇਤ ਤੇ ਪਸ਼ੂਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬੀ ਕੌਮ ਨੂੰ ਇਕੱਠੇ ਹੋ ਕੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੇ ਖ਼ਾਸ ਤੌਰ ’ਤੇ ਮਾਝੇ ਵਾਲੇ ਖੇਤਰਾਂ ਦਾ ਜ਼ਿਕਰ ਕੀਤਾ, ਜਿੱਥੇ ਤਬਾਹੀ ਸਭ ਤੋਂ ਵੱਧ ਹੈ।
ਗਾਇਕ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਆਪਣੀ ਪਾਰਟੀਬਾਜ਼ੀ ਛੱਡ ਕੇ ਦੁਖੀ ਲੋਕਾਂ ਦੇ ਘਰ ਜਾ ਕੇ ਉਹਨਾਂ ਦੀ ਸੇਵਾ ਕਰਨ। “ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਭੈਣ-ਭਰਾ ਬਣ ਕੇ ਇਕ ਦੂਜੇ ਦੇ ਨਾਲ ਖੜ੍ਹਨ ਦਾ ਹੈ,” ਉਹਨਾਂ ਨੇ ਕਿਹਾ।
ਮਲਕੀਤ ਸਿੰਘ, ਜੋ ਕਾਫ਼ੀ ਸਮੇਂ ਤੋਂ ਪਰਦੇਸ ਵੱਸਦੇ ਹਨ, ਨੇ ਸਾਫ਼ ਕੀਤਾ ਕਿ ਪੰਜਾਬ ਤੋਂ ਬਾਹਰ ਬੈਠੇ ਲੋਕ ਵੀ ਆਪਣੀ ਧਰਤੀ ਨਾਲ ਜੁੜੇ ਹੋਏ ਹਨ ਅਤੇ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਨ। “ਸਾਡੀ ਦਿਲ ਦੀ ਆਵਾਜ਼ ਹੈ ਕਿ ਪੰਜਾਬ ਹਮੇਸ਼ਾ ਗੁਲਾਬ ਵਾਂਗ ਮਹਿਕਦਾ ਰਹੇ,” ਉਹਨਾਂ ਨੇ ਕਿਹਾ।
ਆਖ਼ਰ ਵਿੱਚ ਮਲਕੀਤ ਸਿੰਘ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਜਲਦੀ ਤੋਂ ਜਲਦੀ ਬਾਰਿਸ਼ ਰੁਕੇ, ਹਾਲਾਤ ਠੀਕ ਹੋਣ ਅਤੇ ਪ੍ਰਭਾਵਿਤ ਪਰਿਵਾਰ ਮੁੜ ਆਪਣੇ ਘਰਾਂ ਵਿੱਚ ਸੁਖੀ ਜੀਵਨ ਜੀ ਸਕਣ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਣ ਅਤੇ ਮਦਦ ਕਰਨ ਦੀ ਅਪੀਲ ਕੀਤੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








