ਰੰਗਲਾ ਪੰਜਾਬ ਦੀ ਥਾਂ ‘ਤੇ ਬਣ ਰਿਹਾ ਖੂਨੀ ਪੰਜਾਬ! ਰੋਜ਼ਾਨਾ ਹੋ ਰਹੇ ਨੌਜਵਾਨਾਂ ਦੇ ਕਤਲ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ!
ਜਲੰਧਰ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਇਹ ਟਕਰਾਅ ਇਤਨਾ ਭਿਆਨਕ ਰੂਪ ਧਾਰ ਗਿਆ ਕਿ ਪੈਟਰੋਲ ਪੰਪ ‘ਤੇ ਤਕਰੀਬਨ 15 ਰਾਊਂਡ ਗੋਲੀਆਂ ਚੱਲ ਗਈਆਂ। ਇਸ ਗੋਲਾਬਾਰੀ ਦੌਰਾਨ ਇੱਕ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਗੋਲੀ ਲੱਗੀ, ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਵਿਦਿਆਰਥੀ ਰਾਜਨੀਤੀ ਜਾਂ ਗੁੰਡਾਗਰਦੀ?
ਇਹ ਘਟਨਾ ਇਕ ਵਾਰ ਫਿਰ ਸਵਾਲ ਖੜੇ ਕਰਦੀ ਹੈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਚੱਲ ਰਹੀਆਂ ਪ੍ਰਧਾਨਗੀਆਂ ਕਿਤੇ ਵਿਦਿਆਰਥੀ ਹਿੱਤਾਂ ਦੀ ਨੁਮਾਇੰਦਗੀ ਦੀ ਥਾਂ ਗੁੰਡਾਗਰਦੀ ਦਾ ਅੱਡਾ ਤਾਂ ਨਹੀਂ ਬਣ ਗਈਆਂ। ਵਿਦਿਆ ਦੇ ਮੰਦਰ ਮੰਨੇ ਜਾਣ ਵਾਲੀਆਂ ਸੰਸਥਾਵਾਂ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਗੋਲੀਆਂ ਚੱਲਣਾ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸਰਕਾਰ ਦੀ ਚੁੱਪੀ ‘ਤੇ ਸਵਾਲ
ਸਵਾਲ ਇਹ ਵੀ ਉੱਠਦਾ ਹੈ ਕਿ ਆਖ਼ਿਰ ਸਰਕਾਰ ਅਤੇ ਪ੍ਰਸ਼ਾਸਨ ਇਸ ਸਭ ‘ਤੇ ਕਿਉਂ ਖਾਮੋਸ਼ ਹਨ? ਕਿਉਂ ਸਕੂਲਾਂ ਤੇ ਕਾਲਜਾਂ ਵਿੱਚ ਪ੍ਰਧਾਨਗੀਆਂ ਦੇ ਨਾਂ ‘ਤੇ ਵਿਦਿਆਰਥੀਆਂ ਦੀ ਮਾਨਸਿਕਤਾ ਖਰਾਬ ਕਰਨ ਵਾਲੀਆਂ ਗਤੀਵਿਧੀਆਂ ਨੂੰ ਖੁੱਲ੍ਹੀ ਛੂਟ ਦਿੱਤੀ ਜਾ ਰਹੀ ਹੈ? ਕੀ ਇਹ ਸੰਸਥਾਵਾਂ ਵਿਦਿਆ ਦੇ ਕੇਂਦਰ ਹਨ ਜਾਂ ਅਪਰਾਧਿਕ ਸਿਆਸਤ ਦੇ ਅੱਡੇ?
ਤੁਰੰਤ ਪਾਬੰਦੀ ਦੀ ਮੰਗ
ਇਸ ਖ਼ਬਰ ਰਾਹੀਂ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਚੱਲ ਰਹੀਆਂ ਪ੍ਰਧਾਨਗੀਆਂ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਵਿਦਿਅਕ ਸੰਸਥਾਵਾਂ ਨੂੰ ਸਿਰਫ਼ ਅਤੇ ਸਿਰਫ਼ ਵਿਦਿਆ ਦੇ ਕੇਂਦਰ ਵਜੋਂ ਹੀ ਕਾਇਮ ਰੱਖਿਆ ਜਾਵੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਹਥਿਆਰ ਨਹੀਂ ਸਗੋਂ ਕਲਮ ਦੇ ਰਸਤੇ ‘ਤੇ ਲਿਆਂਦਾ ਜਾ ਸਕੇ।
ਵਿਦਿਆ ਦੇ ਘਰਾਂ ਨੂੰ ਸੁਰੱਖਿਅਤ ਬਣਾਉਣਾ ਲਾਜ਼ਮੀ
ਲੋੜ ਹੈ ਕਿ ਸਰਕਾਰ ਕੜੇ ਕਦਮ ਚੁੱਕੇ ਅਤੇ ਇਹ ਯਕੀਨੀ ਬਣਾਏ ਕਿ ਵਿਦਿਆਰਥੀ ਬਿਨਾਂ ਡਰ ਦੇ ਪੜ੍ਹਾਈ ਕਰ ਸਕਣ। ਜੇ ਹੁਣ ਵੀ ਸਖ਼ਤ ਫੈਸਲੇ ਨਾ ਲਏ ਗਏ, ਤਾਂ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਹੋਰ ਭਿਆਨਕ ਨਤੀਜੇ ਲੈ ਕੇ ਆ ਸਕਦੀਆਂ ਹਨ।
ਆਖਰ ਕਿਵੇਂ ਆ ਰਹੇ ਹਨ ਨੌਜਵਾਨਾਂ ਕੋਲ ਖਤਰਨਾਕ ਹਥਿਆਰ?
ਵਿਦਿਆਰਥੀਆਂ ਵਿੱਚ ਹੋਈ ਗੋਲੀਬਾਰੀ ਵਿੱਚ 15 ਰਾਊਂਡ ਫਾਇਰ ਹੋਏ। ਤਾਂ ਸਵਾਲ ਇਹ ਉੱਠਦਾ ਹੈ ਕਿ ਆਖਿਰ ਨੌਜਵਾਨਾਂ ਕੋਲ ਖਤਰਨਾਕ ਹਥਿਆਰ ਕਿਵੇਂ ਆ ਰਹੇ ਹਨ? ਜਿਸ ਨੌਜਵਾਨ ਨੇ ਗੋਲੀਆਂ ਚਲਾਈਆਂ ਪੁਲਿਸ ਨੇ ਦੇਰ ਸ਼ਾਮ ਉਸ ਦੇ ਵੀ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ! ਸਵਾਲ ਇਹ ਉੱਠਦਾ ਹੈ ਕਿ ਕੀ ਪੁਲਿਸ ਉਸ ਆਰੋਪੀ ਤੱਕ ਪਹੁੰਚੇਗੀ, ਜਿਸ ਦੀ ਪਿਸਤੌਲ ਲੈ ਕੇ ਨੌਜਵਾਨ ਨੇ ਫਾਇਰ ਕੀਤੇ ਤੇ ਕੀ ਉਸ ਦਾ ਅਸਲਾ ਜਬਤ ਕੀਤਾ ਜਾਏਗਾ? ਕੀ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਏਗਾ?
ਅਤੇ ਜੇ ਇਹ ਹਥਿਆਰ ਨਜਾਇਜ਼ ਹੈ ਤਾਂ ਇਹ ਹਥਿਆਰ ਨੌਜਵਾਨ ਤਾਂ ਕਿਵੇਂ ਪਹੁੰਚਿਆ ਕੀ ਇਸਦੀ ਗੰਭੀਰ ਜਾਂਚ ਕਰਕੇ ਅਸਲ ਆਰੋਪੀਆਂ ਨੂੰ ਜੇਲ ਵਿੱਚ ਪਹੁੰਚਾਇਆ ਜਾਏਗਾ? ਫਿਲਹਾਲ ਪੰਜਾਬ ਪੁਲਿਸ ਇਹਨਾਂ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ। ਜੇ ਅਜਿਹੀਆਂ ਵਾਰਦਾਤਾਂ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਪੰਜਾਬ ਵਿੱਚ ਚੱਲ ਰਹੇ ਨੌਜਵਾਨਾਂ ਦੇ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲਵੇਗਾ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








