Buland kesari/ਨਵੀਂ ਦਿੱਲੀ– ਭਾਰਤੀ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਦੇਸ਼ ਦੇ 16 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ‘ਵਿਸ਼ੇਸ਼ ਤੀਬਰ ਸੋਧਾ’ (Special Intensive Revision – SIR) ਦੇ ਤੀਜੇ ਪੜਾਅ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਇਹ ਫੈਸਲਾ ਮੌਜੂਦਾ ਜਨਗਣਨਾ ਦੇ ਮਕਾਨਾਂ ਦੀ ਸੂਚੀ ਬਣਾਉਣ ਦੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਚੋਣ ਕਮਿਸ਼ਨ ਅਨੁਸਾਰ, ਇਸ ਤੀਜੇ ਪੜਾਅ ਦੇ ਤਹਿਤ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਨੂੰ ਕਵਰ ਕੀਤਾ ਜਾਵੇਗਾ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਜਨਗਣਨਾ ਦਾ ਦੂਜਾ ਪੜਾਅ ਮੁਕੰਮਲ ਹੋਣ ਅਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਸ਼ਡਿਊਲ ਬਾਅਦ ਵਿੱਚ ਐਲਾਨਿਆ ਜਾਵੇਗਾ। ਇਸ ਮੁਹਿੰਮ ਦੌਰਾਨ 3.94 ਲੱਖ ਤੋਂ ਵੱਧ ਬੂਥ ਲੈਵਲ ਅਫ਼ਸਰ (BLOs) ਘਰ-ਘਰ ਜਾ ਕੇ 36.73 ਕਰੋੜ ਵੋਟਰਾਂ ਦੀ ਪੜਤਾਲ ਕਰਨਗੇ। ਇਸ ਕੰਮ ਵਿੱਚ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ 3.42 ਲੱਖ ਬੂਥ ਲੈਵਲ ਏਜੰਟ (BLAs) ਵੀ ਸਹਿਯੋਗ ਦੇਣਗੇ।
ਪੰਜਾਬ ਅਤੇ ਤੇਲੰਗਾਨਾ ਲਈ ਚੋਣ ਕਮਿਸ਼ਨ ਨੇ ਵਿਸ਼ੇਸ਼ ਸ਼ਡਿਊਲ ਜਾਰੀ ਕੀਤਾ ਹੈ, ਜਿੱਥੇ SIR ਦੀ ਮਿਤੀ ਮਿਤੀ 01 ਅਕਤੂਬਰ 2026 ਰੱਖੀ ਗਈ ਹੈ। ਪੰਜਾਬ ਵਿੱਚ ਚੋਣ ਸੁਧਾਰ ਪ੍ਰਕਿਰਿਆ ਦਾ ਵੇਰਵਾ ਇਸ ਪ੍ਰਕਾਰ ਹੈ-
ਤਿਆਰੀ ਅਤੇ ਟਰੇਨਿੰਗ- 15 ਜੂਨ 2026 ਤੋਂ 24 ਜੂਨ 2026 ਤੱਕ।
ਬੀ.ਐਲ.ਓਜ਼ (BLOs) ਵੱਲੋਂ ਘਰ-ਘਰ ਦਾ ਦੌਰਾ- 25 ਜੂਨ 2026 ਤੋਂ 24 ਜੁਲਾਈ 2026 ਤੱਕ]
ਮੁਢਲੀ ਵੋਟਰ ਸੂਚੀ ਦਾ ਪ੍ਰਕਾਸ਼ਨ- 31 ਜੁਲਾਈ 2026
ਦਾਅਵੇ ਅਤੇ ਇਤਰਾਜ਼ ਦਰਜ ਕਰਨਾ- 31 ਜੁਲਾਈ 2026 ਤੋਂ 30 ਅਗਸਤ 2026 ਤੱਕ
ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ- 01 ਅਕਤੂਬਰ 2026
ਸਿਆਸੀ ਪਾਰਟੀਆਂ ਨੂੰ ਅਪੀਲ
ਚੋਣ ਕਮਿਸ਼ਨ ਨੇ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰੇਕ ਪੋਲਿੰਗ ਬੂਥ ਲਈ ਆਪਣੇ ਬੂਥ ਲੈਵਲ ਏਜੰਟ ਜ਼ਰੂਰ ਨਿਯੁਕਤ ਕਰਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇ ਦੋ ਪੜਾਅ 13 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੁਕੰਮਲ ਹੋ ਚੁੱਕੇ ਹਨ, ਜਿਸ ਵਿੱਚ ਲਗਭਗ 59 ਕਰੋੜ ਵੋਟਰਾਂ ਨੂੰ ਕਵਰ ਕੀਤਾ ਗਿਆ ਸੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








