Buland kesari/ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਖ਼ਰ ਚੁੱਪ ਨੂੰ ਤੋੜਦਿਆਂ ਆਮ ਆਦਮੀ ਪਾਰਟੀ ’ਤੇ ਰਾਜ ਸਭਾ ਟਿਕਟਾਂ ਵੇਚਣ ਦਾ ਦੋਸ਼ ਲਾਇਆ ਹੈ। ਰਾਜ ਸਭਾ ਮੈਂਬਰ ਭੱਜੀ ਦੇ ਇਸ ਦਾਅਵੇ ਨੇ ਸੂਬਾਈ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ। ਦੱਸਣਯੋਗ ਹੈ ਕਿ ‘ਆਪ’ ਦੇ ਪੰਜਾਬ ਵਿਚਲੇ ਛੇ ਰਾਜ ਸਭਾ ਮੈਂਬਰਾਂ ’ਚ ਹਰਭਜਨ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ। ਆਮ ਆਦਮੀ ਪਾਰਟੀ ਤਰਫ਼ੋਂ ਭੱਜੀ ਨੂੰ ‘ਗ਼ੱਦਾਰ’ ਐਲਾਨਿਆ ਗਿਆ ਅਤੇ ਉਨ੍ਹਾਂ ਦੀ ਜਲੰਧਰ ਵਿਚਲੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਗਏ।
ਸੋਸ਼ਲ ਮੀਡੀਆ ’ਤੇ ਰਾਜ ਸਭਾ ਮੈਂਬਰ ਭੱਜੀ ਦੀ ਟਰੋਲਿੰਗ ਵੀ ਹੋ ਰਹੀ ਸੀ। ‘ਆਪ’ ਨੇਤਾ ਦਵਿੰਦਰ ਯਾਦਵ ਦੇ ‘ਐਕਸ’ (X) ਖਾਤੇ ’ਤੇ ਸਾਂਝੀ ਕੀਤੀ ਟਿੱਪਣੀ ਤੋਂ ਰਾਜ ਸਭਾ ਮੈਂਬਰ ਭੱਜੀ ਨੇ ਖ਼ਫ਼ਾ ਹੋ ਕੇ ਅੱਜ ਆਪਣਾ ਮੂੰਹ ਖੋਲ੍ਹਿਆ ਹੈ। ਯਾਦਵ ਨੇ ਭੱਜੀ ਨੂੰ ਗ਼ੱਦਾਰ ਕਿਹਾ ਅਤੇ ਹੋਰ ਇਲਜ਼ਾਮ ਵੀ ਲਾਏ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆ ਦਿੱਤੀ ਹੈ ਕਿ, ‘ਮੈਨੂੰ ਗ਼ੱਦਾਰ ਕਹਿਣ ਵਾਲਿਓ, ਪਹਿਲਾਂ ਆਪਣੇ ਲੋਕਾਂ ਨੂੰ ਪੁੱਛੋ ਕਿ ਪੰਜਾਬ ’ਚ ਰਾਜ ਸਭਾ ਸੀਟ ਕਿੰਨੇ ’ਚ ਵੇਚੀ ਗਈ ਸੀ। ਜੇਕਰ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿਸ ਨੂੰ ਕਿਸ ਕੋਲੋਂ ਕਿੰਨੀ ਰਿਸ਼ਵਤ ਮਿਲੀ।’
ਇਸ ਤੋਂ ਪਹਿਲਾਂ ‘ਆਪ’ ਨੇਤਾ ਦਵਿੰਦਰ ਯਾਦਵ ਨੇ ਟਵੀਟ ਕਰਕੇ ਹਰਭਜਨ ਸਿੰਘ ਨੂੰ ਗ਼ੱਦਾਰ ਆਖ ਕੇ ਮੁਖ਼ਾਤਬ ਹੁੰਦਿਆਂ ਸਵਾਲ ਕੀਤਾ ਸੀ ਕਿ ਜਦੋਂ ਪਾਰਟੀ ਦੇ ਨੇਤਾ ਨਾਲ ਦੁਰਵਿਵਹਾਰ ਹੋਇਆ ਸੀ ਤਾਂ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ।
ਯਾਦਵ ਨੇ ਕਿਹਾ ‘‘ਤੁਸੀਂ ਉਸ ਵੱਲੋਂ ਦਿੱਤੀ ਗਈ ਰਾਜ ਸਭਾ ਸੀਟ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ? ਪੰਜਾਬ ਦੇ 800 ਤੋਂ ਵੱਧ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਭਾਜਪਾ ’ਚ ਸ਼ਾਮਲ ਹੋਣ ਦੀ ਕਿਸ ਤਰ੍ਹਾਂ ਦੀ ਕੀ ਮਜਬੂਰੀ ਸੀ? ਤੁਸੀਂ ਆਪਣੀ ਜ਼ਮੀਰ ਦੀ ਕਿੰਨੀ ਕੀਮਤ ਦਿੱਤੀ? ਸੁਣਿਆ ਹੈ ਕਿ ਭਾਜਪਾ ਨੇ ਗ਼ੱਦਾਰਾਂ ਲਈ 25-25 ਕਰੋੜ ਦੀ ਬੋਲੀ ਲਗਾਈ ਹੈ, ਕੀ ਇਹ ਸੱਚ ਹੈ ?’’
ਮੋੜਵੇਂ ਜਵਾਬ ’ਚ ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ,‘‘ਸਮਾਂ ਆਉਣ ’ਤੇ ਤੁਹਾਡੇ ਹਰ ਸ਼ਬਦ ਦਾ ਜਵਾਬ ਦਿੱਤਾ ਜਾਵੇਗਾ। ਮੈਂ ਤੁਹਾਡੇ ਕਿਸੇ ਨੇਤਾ ਦਾ ਅਪਮਾਨ ਨਹੀਂ ਕੀਤਾ ਅਤੇ ਮੈਂ ਆਪਣੀ ਜ਼ੁਬਾਨ ਕਿਉਂ ਗੰਦੀ ਕਰਾਂ ? ਜੋ ਲੋਕ ਮੈਨੂੰ ਗ਼ੱਦਾਰ ਕਹਿੰਦੇ ਹਨ, ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਕਿ ਪੰਜਾਬ ਰਾਜ ਸਭਾ ਸੀਟ ਕਿੰਨੇ ਵਿੱਚ ਵੇਚੀ ਗਈ ਸੀ। ਜੇ ਉਹ ਤੁਹਾਨੂੰ ਨਹੀਂ ਦੱਸਦੇ, ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਅਤੇ ਕਿਸ ਪਾਸੋਂ। ਕਿਵੇਂ ਕਿਸੇ ਨੂੰ ਮੰਤਰੀ ਜਾਂ ਚੌਕੀਦਾਰ ਬਣਾਇਆ ਗਿਆ ਤਾਂ ਜੋ ਉਹ ਪੰਜਾਬ ਨੂੰ ਲੁੱਟ ਸਕੇ।’’
ਸੰਸਦ ਮੈਂਬਰ ਭੱਜੀ ਨੇ ਇਹ ਵੀ ਕਿਹਾ ਕਿ ,‘‘ ਇਹ ਸਿਆਸੀ ਪਾਰਟੀ ਸੀ ਜਿਸ ਨੇ ਉਸ ਦੇ ਘਰ ਦੇ ਬਾਹਰ ਇੱਕ ਪੁਤਲਾ ਸਾੜਿਆ ਅਤੇ ਉਸ ਉੱਤੇ ਗ਼ੱਦਾਰ ਲਿਖਿਆ। ਆਮ ਲੋਕ ਅਜਿਹੇ ਕੰਮ ਨਹੀਂ ਕਰਦੇ। ਪਾਰਟੀ ਦੇ ਲੋਕਾਂ ਨੂੰ ਇਹ ਸਭ ਕਰਨ ਲਈ ਕਿਸ ਨੇ ਨਿਰਦੇਸ਼ ਦਿੱਤੇ? ਇਸ ਦੇਸ਼ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ , 20 ਸਾਲ ਖੇਡ ਦੇ ਮੈਦਾਨ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਲਈ। ਆਓ, ਇਸ ਦੇਸ਼ ਦੇ ਲੋਕਾਂ ਨੂੰ ਫ਼ੈਸਲਾ ਕਰਨ ਦਿਓ ਕਿ ਉਹ ਮੈਨੂੰ ਕਿਵੇਂ ਯਾਦ ਰੱਖਣਗੇ। ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਕੁਝ ਭੁਗਤਾਨ ਕੀਤੇ ਟਰੋਲਰ ਮੇਰੇ ਬਾਰੇ ਲਿਖਦੇ ਹਨ।’’

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







