Buland Kesari/ ਮੁਹਾਲੀ: ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਫੇਜ਼-8 ਸਥਿਤ ਮੁੱਖ ਦਫ਼ਤਰ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਰਹੀ। 150 ਕਰੋੜ ਰੁਪਏ ਦੇ ਕਥਿਤ ਚੇਂਜ ਆਫ਼ ਲੈਂਡ ਯੂਜ਼ (CLU) ਨਾਲ ਜੁੜੀਆਂ ਬੇਨਿਯਮੀਆਂ ਦੀ ਜਾਂਚ ਤਹਿਤ ED ਦੀ ਟੀਮ ਵੱਲੋਂ ਦਫ਼ਤਰ ਦੇ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਤ ਵੀ ਦਫ਼ਤਰ ’ਚ ਰਹੀ ED ਟੀਮ!
ਮੰਗਲਵਾਰ ਸਵੇਰੇ ਸ਼ੁਰੂ ਹੋਈ ਤਲਾਸ਼ੀ ਮੁਹਿੰਮ ਰਾਤ ਭਰ ਜਾਰੀ ਰਹੀ। ਜਾਂਚ ਲੰਬੀ ਖਿੱਚਣ ਕਾਰਨ ED ਦੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਦੇ ਅੰਦਰ ਹੀ ਰਹੇ। ਸੂਤਰਾਂ ਮੁਤਾਬਕ ਨੇੜਲੇ ਗੁਰਦੁਆਰੇ ਤੋਂ ਗੱਦੇ ਵੀ ਮੰਗਵਾਏ ਗਏ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟੀਮ ਦੇ ਮੈਂਬਰ ਰਾਤ ਦਫ਼ਤਰ ਵਿੱਚ ਹੀ ਰਹਿਣ ਵਾਲੇ ਸਨ।
ਅਧਿਕਾਰੀਆਂ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ 100 ਤੋਂ ਵੱਧ ਕਰਮਚਾਰੀ ਦਫ਼ਤਰ ਵਿੱਚ ਮੌਜੂਦ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਤਿੰਨ ਮੰਜ਼ਿਲਾਂ ਕੀਤੀਆਂ ਗਈਆਂ ਸੀਲ
ਜਾਂਚ ਦੌਰਾਨ GMADA ਦਫ਼ਤਰ ਦੀਆਂ ਤਿੰਨ ਮੰਜ਼ਿਲਾਂ ਨੂੰ ਸੀਲ ਕੀਤੇ ਜਾਣ ਦੀ ਜਾਣਕਾਰੀ ਹੈ। ED ਵੱਲੋਂ ਅਧਿਕਾਰਤ ਰਿਕਾਰਡ, ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਤਰੀ ਹਰਦੀਪ ਮੁੰਡੀਆਂ ਦੇ ਭਾਣਜੇ ਦੇ ਘਰ ਵੀ ਰੇਡ
ਇਸੇ ਜਾਂਚ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਕਾਰਵਾਈ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਇਨ੍ਹਾਂ ਕਾਰਵਾਈਆਂ ਸਬੰਧੀ ED ਵੱਲੋਂ ਹੁਣ ਤੱਕ ਕੋਈ ਵਿਸਥਾਰਤ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਸੀਨੀਅਰ ਅਧਿਕਾਰੀ ਨੂੰ ਪੁੱਛਗਿੱਛ ਦੌਰਾਨ ਘਰ ਲਿਜਾਇਆ ਗਿਆ
ਸੂਤਰਾਂ ਮੁਤਾਬਕ ਪੰਜਾਬ ਹਾਊਸਿੰਗ ਵਿਭਾਗ ਦੇ ਸਕੱਤਰ ਵਿਕਾਸ ਗਰਗ, ਜਿਨ੍ਹਾਂ ਤੋਂ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ, ਨੂੰ ਦਿਨ ਦੌਰਾਨ ED ਦੀ ਗੱਡੀ ਵਿੱਚ ਕੁਝ ਸਮੇਂ ਲਈ ਉਨ੍ਹਾਂ ਦੇ ਘਰ ਲਿਜਾਇਆ ਗਿਆ। ਬਾਅਦ ਵਿੱਚ ਉਹ ਮੁੜ GMADA ਦਫ਼ਤਰ ਪਹੁੰਚੇ।
ਤਿਰੂਪਤੀ ਇਨਫਰਾਪ੍ਰੋਜੈਕਟਸ ਨਾਲ ਜੁੜੀ ਜਾਂਚ
ED ਦੀ ਇਹ ਕਾਰਵਾਈ ਤਿਰੂਪਤੀ ਇਨਫਰਾਪ੍ਰੋਜੈਕਟਸ ਅਤੇ ਹੋਰ ਕੰਪਨੀਆਂ ਨਾਲ GMADA ਦੇ ਕਥਿਤ ਸੌਦਿਆਂ ਨਾਲ ਜੁੜੀ ਮਨੀ-ਲਾਂਡਰਿੰਗ ਜਾਂਚ ਦਾ ਹਿੱਸਾ ਦੱਸੀ ਜਾ ਰਹੀ ਹੈ।
ਫਿਲਹਾਲ ED ਦੀ ਤਲਾਸ਼ੀ ਅਤੇ ਪੁੱਛਗਿੱਛ ਦੀ ਕਾਰਵਾਈ ਜਾਰੀ ਹੈ। ED ਵੱਲੋਂ ਹੁਣ ਤੱਕ ਕਿਸੇ ਗ੍ਰਿਫ਼ਤਾਰੀ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਬਰਾਮਦ ਦਸਤਾਵੇਜ਼ਾਂ ਅਤੇ ਹੋਰ ਰਿਕਾਰਡਾਂ ਸਬੰਧੀ ਤਸਵੀਰ ਹੋਰ ਸਪੱਸ਼ਟ ਹੋਣ ਦੀ ਉਮੀਦ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







