Buland Kesari/ ਜਲੰਧਰ, 30 ਸਤੰਬਰ 2026। ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਏ ਗਏ ਧਰਨੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਜਲੰਧਰ ਨਾਰਥ ਦੇ ਇੰਚਾਰਜ ਅਤੇ ਮੇਅਰ ਵਨੀਤ ਧੀਰ ਨੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਕਾਂਗਰਸੀ ਵਰਕਰ ਵਿਕਾਸ ਕਾਰਜਾਂ ਨੂੰ ਲੈ ਕੇ ਧਰਨਾ ਦੇਣਾ ਚਾਹੁੰਦੇ ਹਨ ਤਾਂ ਉਹ ਅਵਤਾਰ ਹੈਨਰੀ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ।
‘10 ਸਾਲ ਤੋਂ ਬਾਵਾ ਹੈਨਰੀ ਵਿਧਾਇਕ, ਫਿਰ ਵਿਕਾਸ ਕਿਉਂ ਨਹੀਂ ਹੋਇਆ?’
ਮੇਅਰ ਵਨੀਤ ਧੀਰ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਦੋਸ਼ ਹੈ ਕਿ ਜਲੰਧਰ ਨਾਰਥ ਹਲਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਵਿਕਾਸ ਕਾਰਜ ਨਹੀਂ ਹੋਏ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਬਾਵਾ ਹੈਨਰੀ ਲੰਮੇ ਸਮੇਂ ਤੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ, ਤਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਿਉਂ ਨਹੀਂ ਕੀਤਾ ਗਿਆ?
ਵਨੀਤ ਧੀਰ ਨੇ ਕਿਹਾ ਕਿ ਬਾਵਾ ਹੈਨਰੀ ਦੇ ਪਿਤਾ ਅਵਤਾਰ ਹੈਨਰੀ ਵੀ ਜਲੰਧਰ ਨਾਰਥ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ। ਉਨ੍ਹਾਂ ਦੱਸਿਆ ਕਿ ਅਵਤਾਰ ਹੈਨਰੀ 1992, 1997 ਅਤੇ 2002 ਵਿੱਚ ਜਲੰਧਰ ਨਾਰਥ ਸੀਟ ਤੋਂ ਵਿਧਾਇਕ ਰਹੇ।
ਲੰਮਾ ਪਿੰਡ ਚੌਕ ਤੋਂ ਲੈ ਕੇ ਗਾਜ਼ੀ ਗੁੱਲਾਂ ਤੱਕ ਚੁੱਕੇ ਸਵਾਲ
ਮੇਅਰ ਵਨੀਤ ਧੀਰ ਨੇ ਲੰਮਾ ਪਿੰਡ ਚੌਕ, ਬਲਟਰਨ ਪਾਰਕ, ਦੋਮੋਰੀਆ ਪੁਲ ਅਤੇ ਗਾਜ਼ੀ ਗੁੱਲਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਮੁੱਦੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬਾਵਾ ਹੈਨਰੀ ਵਿਧਾਇਕ ਸਨ, ਉਦੋਂ ਇਨ੍ਹਾਂ ਸਮੱਸਿਆਵਾਂ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਵਨੀਤ ਧੀਰ ਮੁਤਾਬਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ ਤਾਂ ਕਾਂਗਰਸ ਵੱਲੋਂ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
‘ਹੈਨਰੀ ਪਿਤਾ-ਪੁੱਤਰ ਨੂੰ ਦੇਣਾ ਚਾਹੀਦਾ ਹੈ ਜਵਾਬ’
ਵਨੀਤ ਧੀਰ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਪਹਿਲਾਂ ਆਪਣੇ ਹੀ ਆਗੂਆਂ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਜਲੰਧਰ ਨਾਰਥ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਕਿਉਂ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਾਰਥ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਹੁਣ ਸਰਕਾਰ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਬਾਵਾ ਹੈਨਰੀ ਨੂੰ ਇਸ ’ਤੇ ਇਤਰਾਜ਼ ਹੋ ਰਿਹਾ ਹੈ।
ਵਨੀਤ ਧੀਰ ਨੇ ਤਨਜ਼ ਕਰਦਿਆਂ ਕਿਹਾ ਕਿ “ਜੇਕਰ ਧਰਨਾ ਦੇਣਾ ਹੀ ਹੈ ਤਾਂ ਅਵਤਾਰ ਹੈਨਰੀ ਦੇ ਦਫ਼ਤਰ ਦੇ ਬਾਹਰ ਧਰਨਾ ਦਿਓ, ਕਿਉਂਕਿ ਨਾਰਥ ਹਲਕੇ ਦੇ ਪਿਛੜੇਪਣ ਲਈ ਜਵਾਬਦੇਹੀ ਹੈਨਰੀ ਪਿਤਾ-ਪੁੱਤਰ ਨੂੰ ਦੇਣੀ ਚਾਹੀਦੀ ਹੈ।”

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







