Buland kesari/ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਰਾਜੇਵਾਲ ਦਾ 17 ਸਾਲਾ ਨੌਜਵਾਨ ਅਮਰਿੰਦਰ ਸਿੰਘ ਸੁਰਖੀਆ ਵਿੱਚ ਹੈ। ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਦਾ ਰਹਿਣ ਵਾਲਾ ਇੱਕ ਸਧਾਰਣ ਘਰ ਦਾ ਇਹ ਮੁੰਡਾ ਸਿਰਫ਼ ਆਪਣੇ ਜਜ਼ਬੇ ਅਤੇ ਦ੍ਰਿੜ ਇਰਾਦੇ ਨਾਲ ਉਹ ਕਰ ਗਿਆ, ਜਿਸਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਅਮਰਿੰਦਰ ਸਿੰਘ ਖੰਨਾ ਤੋਂ ਮੁਹਾਲੀ ਤੱਕ ਲਗਭਗ 80 ਕਿਲੋਮੀਟਰ ਦੀ ਲੰਮੀ ਦੌੜ ਲਗਾ ਕੇ ਆਈਪੀਐਲ ਮੈਚ ਦੇਖਣ ਪਹੁੰਚਿਆ ਅਤੇ ਉੱਥੇ ਉਸ ਦੀ ਮੁਲਾਕਾਤ ਬਾਲੀਵੁੱਡ ਅਦਾਕਾਰਾ ਅਤੇ ਕਿੰਗਸ ਇਲੈਵਨ ਪੰਜਾਬ ਦੀ ਮਾਲਕਣ ਪ੍ਰਿਟੀ ਜ਼ਿੰਟਾ ਨਾਲ ਹੋ ਗਈ।
“ਲੋਕਾਂ ਦੀ ਪ੍ਰਸ਼ੰਸਾ ਨੇ ਉਸ ਦੇ ਅੰਦਰ ਇੱਕ ਨਵੀਂ ਊਰਜਾ ਭਰ ਦਿੱਤੀ”
ਅਮਰਿੰਦਰ ਸਿੰਘ ਨੇ ਕਿਹਾ “ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਕ ਹੈ। ਉਹ ਅਕਸਰ ਲੰਬੀਆਂ ਦੌੜਾਂ ਲਗਾ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪਾਉਂਦਾ ਰਹਿੰਦਾ ਹੈ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਲੋਕਾਂ ਦੀ ਪ੍ਰਸ਼ੰਸਾ ਨੇ ਉਸ ਦੇ ਅੰਦਰ ਇੱਕ ਨਵੀਂ ਊਰਜਾ ਭਰ ਦਿੱਤੀ। ਉਸ ਦੇ ਦਿਲ ਵਿੱਚ ਇੱਕ ਸੁਫ਼ਨਾ ਸੀ ਕਿ ਉਹ ਪ੍ਰਿਟੀ ਜ਼ਿੰਟਾ ਨੂੰ ਮਿਲਣਾ ਚਾਹੁੰਦਾ ਹੈ। ਇਸ ਸੁਫ਼ਨੇ ਨੂੰ ਸੱਚ ਕਰਨ ਲਈ ਮੈਂ ਬਿਨਾਂ ਕਿਸੇ ਡਰ ਦੇ 80 ਕਿਲੋਮੀਟਰ ਦੌੜ ਲਗਾਉਣ ਦਾ ਫੈਸਲਾ ਕਰ ਲਿਆ।”
ਅਮਰਿੰਦਰ ਸਿੰਘ ਦੀ ਬਿਨ੍ਹਾਂ ਟਿਕਟ ਤੋਂ ਸਟੇਡੀਅਮ ‘ਚ ਕਰਵਾਈ ਐਂਟਰੀ
ਅਮਰਿੰਦਰ ਸਿੰਘ ਲਈ ਸਵੇਰੇ-ਸਵੇਰੇ ਸ਼ੁਰੂ ਹੋਈ ਇਹ ਦੌੜ ਆਸਾਨ ਨਹੀਂ ਸੀ। ਰਸਤੇ ਵਿੱਚ ਥਕਾਵਟ, ਗਰਮੀ ਅਤੇ ਸਰੀਰਕ ਦਰਦ ਵੀ ਆਇਆ, ਪਰ ਅਮਰਿੰਦਰ ਨੇ ਹਿੰਮਤ ਨਹੀਂ ਹਾਰੀ। ਉਹ ਹਰ 15 ਕਿਲੋਮੀਟਰ ਬਾਅਦ ਕੁਝ ਮਿੰਟ ਆਰਾਮ ਕਰਦਾ ਅਤੇ ਫਿਰ ਮੰਜ਼ਿਲ ਵੱਲ ਵਧਦਾ ਗਿਆ। ਕਈ ਘੰਟਿਆਂ ਦੀ ਮਿਹਨਤ ਮਗਰੋਂ ਜਦੋਂ ਉਹ ਮੁਹਾਲੀ ਪਹੁੰਚਿਆ, ਤਾਂ ਉਸ ਦੇ ਕੋਲ ਮੈਚ ਦੀ ਟਿਕਟ ਵੀ ਨਹੀਂ ਸੀ। ਪਰ ਕਹਿੰਦੇ ਹਨ ਕਿ ਜਿੱਥੇ ਇਰਾਦੇ ਮਜ਼ਬੂਤ ਹੋਣ, ਉੱਥੇ ਰਾਹ ਆਪਣੇ ਆਪ ਬਣ ਜਾਂਦੇ ਹਨ। ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਦੇਖਿਆ ਹੋਇਆ ਸੀ। ਉਸ ਦੀ ਹਿੰਮਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਉਸ ਨੂੰ ਸਟੇਡੀਅਮ ਵਿੱਚ ਦਾਖ਼ਲ ਹੋਣ ਦਿੱਤਾ। ਇਸ ਤੋਂ ਬਾਅਦ ਜੋ ਹੋਇਆ, ਉਹ ਅਮਰਿੰਦਰ ਲਈ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਸੀ।
ਅਮਰਿੰਦਰ ਨੇ ਦੱਸਿਆ ਕਿ “ਸਟੇਡੀਅਮ ਪਹੁੰਚਣ ਉੱਤੇ ਪ੍ਰਿਟੀ ਜ਼ਿੰਟਾ ਨੇ ਉਸ ਨਾਲ ਮੁਲਾਕਾਤ ਕੀਤੀ। ਮੇਰੀ ਕਾਹਣੀ ਸੁਣ ਕੇ ਉਨ੍ਹਾਂ ਮੇਰੀ ਤਾਰੀਫ ਕੀਤੀ ਅਤੇ ਪੰਜਾਬ ਕਿੰਗਸ ਦੀ ਟੀ-ਸ਼ਰਟ ਤੋਹਫ਼ੇ ਵੱਜੋਂ ਮੈਨੂੰ ਦਿੱਤੀ। ਇਸ ਖ਼ਾਸ ਮੌਕੇ ‘ਤੇ ਉੱਥੇ ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ, ਐਮੀ ਵਿਰਕ, ਸੁਨੰਦਾ ਸ਼ਰਮਾ ਅਤੇ ਨਿੰਜਾ ਵੀ ਮੌਜੂਦ ਸਨ। ਇਨ੍ਹਾਂ ਗਾਇਕਾਂ ਨਾਲ ਵੀ ਮੇਰੀ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ।”
ਹੁਣ ਧਮਸ਼ਾਲਾ ਵਿੱਚ ਹੋਣ ਵਾਲੇ ਮੈਚ ਵਿੱਚ ਪਹੁੰਚਣ ਦਾ ਅਗਲਾ ਟੀਚਾ
ਅਮਰਿੰਦਰ ਦਾ ਕਹਿਣਾ ਹੈ ਕਿ ਉਹ ਇੱਥੇ ਨਹੀਂ ਰੁਕਣਾ ਚਾਹੁੰਦਾ। ਉਸ ਦਾ ਅਗਲਾ ਟੀਚਾ 17 ਮਈ ਨੂੰ ਧਰਮਸ਼ਾਲਾ ਵਿੱਚ ਹੋਣ ਵਾਲਾ ਮੈਚ ਹੈ, ਜਿਸ ਲਈ ਉਹ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਲਗਭਗ 40 ਕਿਲੋਮੀਟਰ ਦੀ ਹੋਰ ਦੌੜ ਲਗਾਏਗਾ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








