Buland kesari/Punjabi youth shot dead in America: ਚੰਡੀਗੜ੍ਹ: ਅਮਰੀਕਾ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਅਤਾਲਾਂ ਦੇ ਰਹਿਣ ਵਾਲੇ 24 ਸਾਲਾ ਖੁਸ਼ਕਰਨਦੀਪ ਸਿੰਘ ਦਾ ਕੈਲੀਫੋਰਨੀਆ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਉਸ ਦੀ ਲਾਸ਼ ਕਈ ਦਿਨਾਂ ਮਗਰੋਂ ਜੰਗਲ ਵਿੱਚੋਂ ਬਰਾਮਦ ਹੋਣ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਖੁਸ਼ਕਰਨਦੀਪ ਸਿੰਘ, ਪੁੱਤਰ ਬਲਵਿੰਦਰ ਸਿੰਘ, ਕਰੀਬ ਪੰਜ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਉਮੀਦ ਨਾਲ ਅਮਰੀਕਾ ਗਿਆ ਸੀ ਅਤੇ ਉੱਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ, ਜਦੋਂ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ।
ਪਰਿਵਾਰ ਨੂੰ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ 30 ਜੁਲਾਈ ਤੋਂ ਉਸ ਦਾ ਫੋਨ ਬੰਦ ਆਉਣ ਲੱਗਾ। ਇਸ ਤੋਂ ਬਾਅਦ ਅਮਰੀਕਾ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵੱਲੋਂ ਕੀਤੀ ਗਈ ਭਾਲ ਤੋਂ ਬਾਅਦ ਉਸ ਦੀ ਲਾਸ਼ ਜੰਗਲ ਵਿੱਚੋਂ ਮਿਲਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਕਤਲ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਸਬੰਧੀ ਪੁਲਸ ਜਾਂਚ ਜਾਰੀ ਹੈ। ਲੁੱਟ ਦੀ ਵਾਰਦਾਤ ਦੇ ਸ਼ੱਕ ਸਮੇਤ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਤਲ ਦੇ ਅਸਲ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਮੁਤਾਬਕ ਖੁਸ਼ਕਰਨਦੀਪ ਸਿੰਘ ਸ਼ਾਂਤ ਅਤੇ ਨੇਕ ਸੁਭਾਅ ਦਾ ਨੌਜਵਾਨ ਸੀ ਅਤੇ ਆਪਣੀ ਨੌਕਰੀ ’ਤੇ ਹੀ ਧਿਆਨ ਦਿੰਦਾ ਸੀ। ਪਰਿਵਾਰ ਨੇ ਅਮਰੀਕੀ ਪੁਲਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਲਈ ਵੀ ਮਦਦ ਦੀ ਅਪੀਲ ਕੀਤੀ ਗਈ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








