ਜਲੰਧਰ/Buland Kesari/ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਜਲੰਧਰ ਨੇ ਸ਼ਹਿਰ ਦੇ ਇੱਕ ਜਿਮ ਖ਼ਿਲਾਫ਼ ਅਹਿਮ ਫੈਸਲਾ ਸੁਣਾਉਂਦੇ ਹੋਏ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ “ਫਿਟਨੈੱਸ 360 ਜਿਮ” ਦੇ ਸੰਚਾਲਕਾਂ ਨੂੰ ਸ਼ਿਕਾਇਤਕਰਤਾਵਾਂ ਤੋਂ ਲਈ ਗਈ 35 ਹਜ਼ਾਰ ਰੁਪਏ ਦੀ ਮੈਂਬਰਸ਼ਿਪ ਫੀਸ ਵਾਪਸ ਕਰਨ ਅਤੇ ਮਾਨਸਿਕ ਪੀੜਾ, ਪਰੇਸ਼ਾਨੀ ਤੇ ਮੁਕੱਦਮੇ ਦੇ ਖਰਚੇ ਵਜੋਂ 8 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਇਹ ਫੈਸਲਾ ਕਮਿਸ਼ਨ ਦੀ ਪ੍ਰਧਾਨ ਡਾ. ਹਰਵੀਨ ਭਾਰਦਵਾਜ, ਮੈਂਬਰ ਜਸਵੰਤ ਸਿੰਘ ਢਿੱਲੋਂ ਅਤੇ ਜਯੋਤਸਨਾ ਦੀ ਬੈਂਚ ਵੱਲੋਂ 23 ਅਪ੍ਰੈਲ 2026 ਨੂੰ ਸੁਣਾਇਆ ਗਿਆ।
ਮਾਮਲੇ ਮੁਤਾਬਕ ਸ਼ਿਕਾਇਤਕਰਤਾਵਾਂ ਪੰਕਜ ਸ਼ੂਰ ਤੇ ਸ਼ਸ਼ੀ ਸੂਰ ਨੇ ਦੱਸਿਆ ਕਿ ਜਿਮ ਪ੍ਰਬੰਧਕਾਂ ਨੇ “ਵਰਲਡ ਕਲਾਸ ਸਹੂਲਤਾਂ” ਅਤੇ ਤਜਰਬੇਕਾਰ ਟ੍ਰੇਨਿੰਗ ਸਟਾਫ ਦੇਣ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਜਿਮ ਜੁਆਇਨ ਕਰਨ ਲਈ ਪ੍ਰੇਰਿਤ ਕੀਤਾ। ਸ਼ੁਰੂ ਵਿੱਚ ਸ਼ਿਕਾਇਤਕਰਤਾ ਟ੍ਰਾਇਲ ਅਧਾਰ ’ਤੇ ਜਿਮ ਜੁਆਇਨ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਸਾਲਾਨਾ ਮੈਂਬਰਸ਼ਿਪ ਲੈਣ ਲਈ ਮਜਬੂਰ ਕੀਤਾ ਗਿਆ। ਇਸ ਤਹਿਤ ਦੋਹਾਂ ਤੋਂ ਕੁੱਲ 35 ਹਜ਼ਾਰ ਰੁਪਏ ਵਸੂਲੇ ਗਏ, ਜਿਨ੍ਹਾਂ ਵਿੱਚੋਂ ਇੱਕ ਤੋਂ 19 ਹਜ਼ਾਰ ਅਤੇ ਦੂਜੇ ਤੋਂ 16 ਹਜ਼ਾਰ ਰੁਪਏ ਲਏ ਗਏ।
ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਜਿਮ ਵਿੱਚ ਦਿੱਤੇ ਗਏ ਉਪਕਰਣ ਪੁਰਾਣੇ ਅਤੇ ਠੀਕ ਹਾਲਤ ਵਿੱਚ ਨਹੀਂ ਸਨ, ਜਦਕਿ ਟ੍ਰੇਨਿੰਗ ਲਈ ਯੋਗ ਸਟਾਫ ਵੀ ਉਪਲਬਧ ਨਹੀਂ ਸੀ। ਦੋਸ਼ ਲਗਾਇਆ ਗਿਆ ਕਿ ਸਹੀ ਮਾਰਗਦਰਸ਼ਨ ਨਾ ਮਿਲਣ ਕਾਰਨ ਇੱਕ ਸ਼ਿਕਾਇਤਕਰਤਾ ਨੂੰ ਮਾਸਪੇਸ਼ੀਆਂ ਵਿੱਚ ਚੋਟ ਵੀ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਂਬਰਸ਼ਿਪ ਰੱਦ ਕਰਕੇ ਰਕਮ ਵਾਪਸ ਮੰਗੀ, ਪਰ ਜਿਮ ਪ੍ਰਬੰਧਕਾਂ ਨੇ ਇਨਕਾਰ ਕਰ ਦਿੱਤਾ।
ਸ਼ਿਕਾਇਤਕਰਤਾਵਾਂ ਵੱਲੋਂ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ, ਪਰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਸੁਣਵਾਈ ਦੌਰਾਨ ਜਿਮ ਸੰਚਾਲਕ ਕਮਿਸ਼ਨ ਅੱਗੇ ਪੇਸ਼ ਵੀ ਨਹੀਂ ਹੋਏ, ਜਿਸ ਕਾਰਨ ਉਨ੍ਹਾਂ ਨੂੰ ਐਕਸ-ਪਾਰਟੀ ਕਰਾਰ ਦਿੱਤਾ ਗਿਆ।
ਕਮਿਸ਼ਨ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸ਼ਿਕਾਇਤਕਰਤਾਵਾਂ ਵੱਲੋਂ ਪੇਸ਼ ਕੀਤੇ ਦਸਤਾਵੇਜ਼ ਅਤੇ ਸਬੂਤ ਸਾਬਤ ਕਰਦੇ ਹਨ ਕਿ ਜਿਮ ਵੱਲੋਂ ਵਾਅਦੇ ਮੁਤਾਬਕ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਕਮਿਸ਼ਨ ਨੇ ਇਸ ਨੂੰ “ਸੇਵਾ ਵਿੱਚ ਕਮੀ” ਅਤੇ “ਅਣਉਚਿਤ ਵਪਾਰਕ ਤਰੀਕਾ” ਕਰਾਰ ਦਿੱਤਾ।
ਹਾਲਾਂਕਿ, ਮਾਮਲੇ ਵਿੱਚ ਸ਼ਾਮਲ ਫਾਇਨੈਂਸ ਕੰਪਨੀ ਅਤੇ ਬੈਂਕ ਨੂੰ ਕਮਿਸ਼ਨ ਨੇ ਰਾਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਸਿਰਫ਼ ਵਿੱਤੀ ਲੈਣ-ਦੇਣ ਤੱਕ ਸੀਮਿਤ ਸੀ ਅਤੇ ਉਨ੍ਹਾਂ ਖ਼ਿਲਾਫ਼ ਸੇਵਾ ਵਿੱਚ ਕਮੀ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਲਈ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਰੱਦ ਕਰ ਦਿੱਤੀ ਗਈ।
ਖਪਤਕਾਰ ਕਮਿਸ਼ਨ ਨੇ ਹੁਕਮ ਦਿੱਤਾ ਕਿ ਜਿਮ ਪ੍ਰਬੰਧਕ 30 ਦਿਨਾਂ ਦੇ ਅੰਦਰ 35 ਹਜ਼ਾਰ ਰੁਪਏ ਦੀ ਮੁੱਖ ਰਕਮ ਅਤੇ 8 ਹਜ਼ਾਰ ਰੁਪਏ ਹਰਜਾਨੇ ਵਜੋਂ ਅਦਾ ਕਰਨ। ਜੇਕਰ ਨਿਰਧਾਰਤ ਸਮੇਂ ਵਿੱਚ ਭੁਗਤਾਨ ਨਾ ਕੀਤਾ ਗਿਆ ਤਾਂ ਪੂਰੀ ਰਕਮ ’ਤੇ 9 ਫੀਸਦੀ ਸਾਲਾਨਾ ਵਿਆਜ ਵੀ ਦੇਣਾ ਪਵੇਗਾ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








