Buland Kesari/ ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਨ੍ਹਾਂ ਦਿਨੀਂ ਸਭ ਤੋਂ ਵੱਧ ਚਰਚਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਚੋਣ ਗਠਜੋੜ ਦੀ ਸੰਭਾਵਨਾ ਨੂੰ ਲੈ ਕੇ ਹੋ ਰਹੀ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਕਿਸੇ ਵੀ ਸਮੇਂ ਸਿਰੇ ਚੜ੍ਹ ਸਕਦਾ ਹੈ। ਹਾਲਾਂਕਿ ਇਸ ਵਾਰ ਭਾਜਪਾ ‘ਵੱਡੇ ਭਰਾ’ ਦੀ ਭੂਮਿਕਾ ਵਿੱਚ ਨਜ਼ਰ ਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਲੈ ਕੇ ਸਿਆਸੀ ਸਮੀਕਰਨ ਕਾਫ਼ੀ ਦਿਲਚਸਪ ਬਣ ਗਏ ਹਨ।
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਅਕਾਲੀ ਦਲ ਅਤੇ ਭਾਜਪਾ ਦੇ ਪੁਰਾਣੇ ਗਠਜੋੜ ਦੌਰਾਨ ਭਾਜਪਾ ਦੇ ਹਿੱਸੇ 23 ਅਤੇ ਅਕਾਲੀ ਦਲ ਦੇ ਹਿੱਸੇ 94 ਸੀਟਾਂ ਆਉਂਦੀਆਂ ਰਹੀਆਂ ਹਨ। ਪਰ ਹੁਣ ਬਦਲੇ ਸਿਆਸੀ ਹਾਲਾਤਾਂ ਵਿੱਚ ਚਰਚਾ ਹੈ ਕਿ ਭਾਜਪਾ ਇਸ ਵਾਰ ਕਰੀਬ 70 ਸੀਟਾਂ ’ਤੇ ਚੋਣ ਲੜਨ ਦੀ ਮੰਗ ਜਾਂ ਤਿਆਰੀ ਕਰ ਸਕਦੀ ਹੈ, ਜਦਕਿ ਅਕਾਲੀ ਦਲ ਨੂੰ ਲਗਭਗ 40 ਤੋਂ 45 ਸੀਟਾਂ ਤੱਕ ਸੀਮਤ ਕੀਤਾ ਜਾ ਸਕਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਦੇ ਅੰਦਰ ਵੀ ਅਜਿਹੇ ਸੰਭਾਵਿਤ ਗਠਜੋੜ ਨੂੰ ਲੈ ਕੇ ਫਿਲਹਾਲ ਕੋਈ ਵੱਡਾ ਵਿਰੋਧ ਸਾਹਮਣੇ ਆਉਂਦਾ ਨਜ਼ਰ ਨਹੀਂ ਆ ਰਿਹਾ। ਇਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਅਕਾਲੀ ਦਲ ਭਾਜਪਾ ਨੂੰ ‘ਵੱਡੇ ਭਰਾ’ ਦੀ ਭੂਮਿਕਾ ਸਵੀਕਾਰ ਕਰੇਗਾ?
ਮਹਾਰਾਸ਼ਟਰ ਦੀ ਸ਼ਿਵ ਸੈਨਾ ਤੋਂ ਸਬਕ ਲੈਣ ਦੀ ਸਲਾਹ
ਕੁਝ ਸਿਆਸੀ ਮਾਹਰ ਅਕਾਲੀ ਦਲ ਨੂੰ ਮਹਾਰਾਸ਼ਟਰ ਦੀ ਸ਼ਿਵ ਸੈਨਾ ਦੇ ਸਿਆਸੀ ਸਫ਼ਰ ਤੋਂ ਸਬਕ ਲੈਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਭਾਜਪਾ ਨਾਲ ਲੰਬੇ ਸਮੇਂ ਦਾ ਗਠਜੋੜ ਕਰਨ ਵਾਲੀਆਂ ਖੇਤਰੀ ਪਾਰਟੀਆਂ ਵਿੱਚ ਸਮੇਂ ਦੇ ਨਾਲ ਸਿਆਸੀ ਤਾਕਤ ਦਾ ਸੰਤੁਲਨ ਬਦਲ ਸਕਦਾ ਹੈ। ਮਾਹਰਾਂ ਮੁਤਾਬਕ ਮਹਾਰਾਸ਼ਟਰ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਦੀ ਸਾਂਝ ਇਸ ਦੀ ਇੱਕ ਵੱਡੀ ਉਦਾਹਰਨ ਹੈ।
ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ 1989 ਵਿੱਚ ਚੋਣੀ ਗਠਜੋੜ ਹੋਇਆ ਸੀ। ਉਸ ਸਮੇਂ ਸ਼ਿਵ ਸੈਨਾ ਮਹਾਰਾਸ਼ਟਰ ਦੀਆਂ ਮਜ਼ਬੂਤ ਸਿਆਸੀ ਤਾਕਤਾਂ ਵਿੱਚੋਂ ਇੱਕ ਮੰਨੀ ਜਾਂਦੀ ਸੀ। ਦੋਵੇਂ ਪਾਰਟੀਆਂ ਦੇ ਗਠਜੋੜ ਨੇ 1995 ਵਿੱਚ ਮਹਾਰਾਸ਼ਟਰ ਵਿੱਚ ਸਰਕਾਰ ਵੀ ਬਣਾਈ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਲੰਬੇ ਸਮੇਂ ਤੱਕ ਇਕੱਠਿਆਂ ਸਿਆਸੀ ਸਫ਼ਰ ਜਾਰੀ ਰੱਖਿਆ।
ਪਰ ਇਸ ਦੌਰਾਨ ਭਾਜਪਾ ਨੇ ਮਹਾਰਾਸ਼ਟਰ ਵਿੱਚ ਆਪਣਾ ਸੰਗਠਨ ਅਤੇ ਸਿਆਸੀ ਆਧਾਰ ਲਗਾਤਾਰ ਮਜ਼ਬੂਤ ਕੀਤਾ। 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਮੈਦਾਨ ਵਿੱਚ ਉਤਰੀਆਂ। ਭਾਜਪਾ ਨੇ 122 ਸੀਟਾਂ ਜਿੱਤੀਆਂ, ਜਦਕਿ ਸ਼ਿਵ ਸੈਨਾ ਦੇ ਖਾਤੇ 63 ਸੀਟਾਂ ਆਈਆਂ। ਇਸ ਨਾਲ ਮਹਾਰਾਸ਼ਟਰ ਦੀ ਸਿਆਸਤ ਵਿੱਚ ਦੋਵਾਂ ਪਾਰਟੀਆਂ ਵਿਚਾਲੇ ਤਾਕਤ ਦਾ ਸੰਤੁਲਨ ਕਾਫ਼ੀ ਬਦਲ ਗਿਆ।
2019 ਦੀਆਂ ਚੋਣਾਂ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਮੁੜ ਇਕੱਠਿਆਂ ਲੜੀਆਂ, ਪਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਪੈਦਾ ਹੋ ਗਿਆ। ਇਸ ਤੋਂ ਬਾਅਦ ਸ਼ਿਵ ਸੈਨਾ ਨੇ ਭਾਜਪਾ ਤੋਂ ਵੱਖ ਹੋ ਕੇ ਕਾਂਗਰਸ ਅਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾਈ। ਇਹ ਸਰਕਾਰ ਵੀ ਆਪਣਾ ਕਾਰਜਕਾਲ ਪੂਰਾ ਨਾ ਕਰ ਸਕੀ। 2022 ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਸ਼ਿਵ ਸੈਨਾ ਵਿੱਚ ਵੱਡੀ ਬਗਾਵਤ ਹੋਈ ਅਤੇ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ। ਸ਼ਿੰਦੇ ਧੜੇ ਨੇ ਭਾਜਪਾ ਨਾਲ ਮਿਲ ਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਈ।
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਵਾਲੀ ਸ਼ਿਵ ਸੈਨਾ ਦਾ ਸਿਆਸੀ ਆਧਾਰ ਕਾਫ਼ੀ ਪ੍ਰਭਾਵਿਤ ਹੋਇਆ, ਜਦਕਿ ਭਾਜਪਾ ਮਹਾਰਾਸ਼ਟਰ ਦੀ ਸਿਆਸਤ ਵਿੱਚ ਇੱਕ ਪ੍ਰਮੁੱਖ ਤਾਕਤ ਵਜੋਂ ਉਭਰੀ।
ਕੀ ਪੰਜਾਬ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ ਮਹਾਰਾਸ਼ਟਰ ਵਾਲਾ ਮਾਡਲ?
ਪੰਜਾਬ ਦੇ ਕੁਝ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਪਿਛਲੇ ਕੁਝ ਸਾਲਾਂ ਦੌਰਾਨ ਰਿਸ਼ਤਿਆਂ ਵਿੱਚ ਆਏ ਉਤਾਰ-ਚੜ੍ਹਾਅ ਨੂੰ ਦੇਖਦੇ ਹੋਏ ਜੇਕਰ ਅਕਾਲੀ ਦਲ 40-45 ਸੀਟਾਂ ’ਤੇ ਹੀ ਸਮਝੌਤਾ ਕਰ ਲੈਂਦਾ ਹੈ ਤਾਂ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪਾਰਟੀ ਦੀ ਸਿਆਸੀ ਸਥਿਤੀ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ।
ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਆਪਣੀ ਰਵਾਇਤੀ ਸਿਆਸੀ ਪਕੜ ਵਾਲੀਆਂ ਸੀਟਾਂ ਦੀ ਵੱਡੀ ਗਿਣਤੀ ਭਾਜਪਾ ਲਈ ਛੱਡ ਦਿੰਦਾ ਹੈ ਤਾਂ ਲੰਬੇ ਸਮੇਂ ਵਿੱਚ ਇਸ ਦਾ ਪਾਰਟੀ ਦੇ ਸੰਗਠਨ ਅਤੇ ਜਨ ਆਧਾਰ ’ਤੇ ਕੀ ਪ੍ਰਭਾਵ ਪਵੇਗਾ, ਇਹ ਵੱਡਾ ਸਵਾਲ ਹੋਵੇਗਾ। ਕੁਝ ਮਾਹਰ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਅਜਿਹਾ ਫ਼ੈਸਲਾ ਅਕਾਲੀ ਦਲ ਲਈ ਸਿਆਸੀ ਤੌਰ ’ਤੇ ਬਹੁਤ ਵੱਡਾ ਜੋਖ਼ਮ ਸਾਬਤ ਹੋ ਸਕਦਾ ਹੈ।
ਫਿਲਹਾਲ ਇਹ ਸਾਰੀਆਂ ਗੱਲਾਂ ਸਿਆਸੀ ਚਰਚਾ ਅਤੇ ਸੰਭਾਵਨਾਵਾਂ ਤੱਕ ਹੀ ਸੀਮਤ ਹਨ। ਅੰਤਿਮ ਤੌਰ ’ਤੇ ਸੀਟਾਂ ਦੀ ਵੰਡ, ਗਠਜੋੜ ਅਤੇ ਚੋਣ ਰਣਨੀਤੀ ਬਾਰੇ ਫ਼ੈਸਲਾ ਦੋਵੇਂ ਪਾਰਟੀਆਂ ਦੀ ਗੱਲਬਾਤ ਤੋਂ ਬਾਅਦ ਹੀ ਸਾਹਮਣੇ ਆਵੇਗਾ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਹੁੰਦਾ ਹੈ ਜਾਂ ਨਹੀਂ ਅਤੇ ਜੇ ਹੁੰਦਾ ਹੈ ਤਾਂ ‘ਵੱਡਾ ਭਰਾ’ ਕੌਣ ਬਣਦਾ ਹੈ। ਇਸ ਦਾ ਪੰਜਾਬ ਦੀ ਸਿਆਸਤ ’ਤੇ ਕੀ ਪ੍ਰਭਾਵ ਪੈਂਦਾ ਹੈ, ਇਸ ਦਾ ਜਵਾਬ 2027 ਦੀਆਂ ਚੋਣਾਂ ਦੇ ਨਤੀਜੇ ਹੀ ਦੇਣਗੇ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








