**ਬੁਲੰਦ ਕੇਸਰੀ ਨਿਊਜ਼ | ਜਲੰਧਰ ਨਗਰ ਨਿਗਮ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਆਖ਼ਰਕਾਰ ਖ਼ਤਮ ਹੋ ਗਈ ਹੈ। ਮੇਅਰ ਵਿਨੀਤ ਧੀਰ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਯੂਨੀਅਨ ਆਗੂਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਕਰਮਚਾਰੀਆਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਲਿਆ ਹੈ।
ਜਾਣਕਾਰੀ ਅਨੁਸਾਰ ਨਗਰ ਨਿਗਮ ਯੂਨੀਅਨ ਦੇ ਇੱਕ ਗੁੱਟ ਵੱਲੋਂ ਆਪਣੀਆਂ 15 ਪ੍ਰਮੁੱਖ ਮੰਗਾਂ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਰਮਚਾਰੀਆਂ ਦੀ ਮੁੱਖ ਮੰਗ ਨਗਰ ਨਿਗਮ ਵਿੱਚ ਨਵੀਂ ਭਰਤੀ ਕਰਨ ਅਤੇ ਸਟਾਫ਼ ਦੀ ਘਾਟ ਨੂੰ ਦੂਰ ਕਰਨ ਦੀ ਸੀ।
ਇਸ ਮਾਮਲੇ ਨੂੰ ਸੁਲਝਾਉਣ ਲਈ ਮੇਅਰ ਵਿਨੀਤ ਧੀਰ ਵੱਲੋਂ ਪਿਛਲੇ ਦੋ-ਤਿੰਨ ਦਿਨਾਂ ਤੋਂ ਯੂਨੀਅਨ ਦੇ ਨੁਮਾਇੰਦਿਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਮੇਅਰ ਮੁਤਾਬਕ ਯੂਨੀਅਨ ਦੀਆਂ 15 ਮੰਗਾਂ ਵਿੱਚੋਂ 10 ਤੋਂ 11 ਮੰਗਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਦਕਿ ਬਾਕੀ ਮੰਗਾਂ ਸਬੰਧੀ ਵੀ ਜਲਦ ਫ਼ੈਸਲਾ ਲੈਣ ਦਾ ਭਰੋਸਾ ਦਿੱਤਾ ਗਿਆ ਹੈ।
**35 ਸਾਲ ਬਾਅਦ 1196 ਅਹੁਦਿਆਂ ‘ਤੇ ਭਰਤੀ ਦਾ ਰਾਹ ਖੁੱਲ੍ਹਿਆ**
ਇਸ ਪੂਰੇ ਵਿਵਾਦ ਵਿੱਚ ਸਭ ਤੋਂ ਅਹਿਮ ਗੱਲ ਨਗਰ ਨਿਗਮ ਵਿੱਚ 1196 ਕਰਮਚਾਰੀਆਂ ਦੀ ਭਰਤੀ ਨਾਲ ਜੁੜੀ ਫਾਈਲ ਨੂੰ ਮਨਜ਼ੂਰੀ ਮਿਲਣਾ ਹੈ। ਮੇਅਰ ਵਿਨੀਤ ਧੀਰ ਅਨੁਸਾਰ ਕਰੀਬ 35 ਸਾਲਾਂ ਬਾਅਦ ਇੰਨੇ ਵੱਡੇ ਪੱਧਰ ‘ਤੇ ਭਰਤੀ ਦੀ ਫਾਈਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਨਗਰ ਨਿਗਮ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਸਟਾਫ਼ ਦੀ ਘਾਟ ਦੂਰ ਹੋਣ ਦੀ ਉਮੀਦ ਹੈ।
**ਹੜਤਾਲ ਖ਼ਤਮ, ਹੁਣ ਸ਼ਹਿਰ ਦੀ ਸਫ਼ਾਈ ‘ਤੇ ਨਜ਼ਰ**
ਹੜਤਾਲ ਖ਼ਤਮ ਹੋਣ ਤੋਂ ਬਾਅਦ ਹੁਣ ਸ਼ਹਿਰ ਵਾਸੀਆਂ ਦੀ ਨਜ਼ਰ ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ ‘ਤੇ ਰਹੇਗੀ। ਮੇਅਰ ਨੇ ਭਰੋਸਾ ਦਿੱਤਾ ਹੈ ਕਿ ਕਰਮਚਾਰੀਆਂ ਦੇ ਕੰਮ ‘ਤੇ ਪਰਤਣ ਨਾਲ ਕੂੜੇ ਦੀ ਲਿਫਟਿੰਗ ਅਤੇ ਸਫ਼ਾਈ ਪ੍ਰਬੰਧਾਂ ਨੂੰ ਮੁੜ ਆਮ ਵਾਂਗ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਕਿੰਨੀ ਤੇਜ਼ੀ ਨਾਲ ਮੁੜ ਲੀਹ ‘ਤੇ ਆਉਂਦੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








